ਐਸ.ਏ.ਐਸ. ਨਗਰ/ਡੇਰਾਬਸੀ, 15 ਜੂਨ 2020: ‘ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਫਤਿਹ ਮੁਹਿੰਮ ਨੂੰ ਜ਼ਿਲ੍ਹੇ ਭਰ ਵਿਚ ਅਸਰਦਾਰ ਢੰਗ ਨਾਲ ਪ੍ਰਚਾਰਿਤ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਦਾ ਹੀ ਸਿੱਟਾ ਹੈ ਕਿ ਬੀਤੇ ਕੱਲ ਡੀਸੀ ਦਫ਼ਤਰ ਤੋਂ 25 ਪ੍ਰਚਾਰ ਵੈਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਜੋ ਕਿ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕਰਨਗੀਆਂ ਅਤੇ ਇਸ ਮਹਾਂਮਾਰੀ ਦੀ ਰੋਕਥਾਮ ਵਿਚ ਸਹਾਈ ਸਾਬਤ ਹੋਣਗੀਆਂ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡੇਰਾ ਬਸੀ ਦੇ ਐਸਡੀਐਮ ਸ੍ਰੀ ਕੁਲਦੀਪ ਬਾਵਾ ਨੇ ਆਪਣੇ ਦਫਤਰ ਵਿਖੇ ਇਕ ਸਮਾਗਮ ਦੌਰਾਨ ਕੀਤਾ ਜਿਸ ਦੌਰਾਨ ਕਰੋਨਾ ਤੋਂ ਬਚਾਅ ਅਤੇ ਸਾਵਧਾਨੀਆਂ ਸਬੰਧੀ ਘਰ-ਘਰ ਜਾ ਕੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਵਾਲੇ ਯੋਧਿਆਂ 50 ਨੂੰ ਬੈਜ ਪ੍ਰਦਾਨ ਕੇ ਸਨਮਾਨਿਤ ਕੀਤਾ ਗਿਆ। ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰਫ 10 ਯੋਧਿਆਂ ਨੂੰ ਨਿੱਜੀ ਤੌਰ 'ਤੇ ਬੈਜ ਲਗਾਏ ਗਏ।
ਉਹਨਾਂ ਅੱਗੇ ਕਿਹਾ ਕਿ ਮਿਸ਼ਨ ਫਤਿਹ ਸੂਬੇ ਸਰਕਾਰ ਵੱਲੋਂ ਇਸ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਦਾ ਇਕ ਹਿੱਸਾ ਹੈ ਜਿਸ ਵਿਚ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਜੋ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਇਹ ਜਾਗਰੂਕਤਾ ਮੁਹਿੰਮ ਸਫਲ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਹਰੇਕ ਨਾਗਰਿਕ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੀ ਅਤੇ ਦੂਸਰਿਆਂ ਦੀ ਸੁਚੱਜੀ ਸਿਹਤ ਯਕੀਨੀ ਬਣਾਉਣ ਹਿੱਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਜਿਵੇਂ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣਾ, ਲੋੜੀਂਦੀ ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਸੈਨੇਟਾਈਜ਼ਰ ਅਤੇ ਸਾਬਣ ਨਾਲ ਘੱਟੋਂ-ਘੱਟ 20 ਸੈਕਿੰਡ ਤੱਕ ਜਿੰਨੀ ਵਾਰੀ ਹੋ ਸਕੇ ਧੋਣਾ ਅਤੇ ਇਕ ਦੂਜੇ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਤੋਂ ਗੁਰੇਜ਼ ਕਰਨਾ ਆਦਿ ਸ਼ਾਮਲ ਹਨ।
ਉਹਨਾਂ ਮਿਸ਼ਨ ਫਤਿਹ ਦੇ ਯੋਧਿਆਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਕਸਿਤ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਕਰੋਨਾ ਵਾਇਰਸ ਬਾਰੇ ਸਹੀ ਤੇ ਸਟੀਕ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਕੋਵਾ ਐਪ ਡਾਊਨਲੋਡ ਕਰਨ ਮਗਰੋਂ ਇਸ ਉੱਤੇ ਜਾਗਰੂਕਤਾ ਬਾਰੇ ਗਤੀਵਿਧੀਆਂ ਦੀਆਂ ਸੈਲਫੀਆਂ ਪਾਈਆਂ ਜਾਣ ਜਿਹਨਾਂ ਦੇ ਅਧਾਰ ਉੱਤੇ ਰੋਜ਼ਾਨਾ, ਹਫਤਾਵਾਰੀ ਅਤੇ ਮਹੀਨਾਵਾਰੀ ਸਭ ਤੋਂ ਵੱਧ ਪ੍ਰਚਾਰ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਉਣ ਵਾਲੇ ਦੀ ਚੋਣ ਕਰਕੇ ਰੋਜ਼ਾਨਾ ਦੇ ਜੇਤੂ ਨੂੰ ਕਾਂਸੀ ਸ਼੍ਰੇਣੀ, ਹਫਤਾਵਾਰੀ ਜੇਤੂ ਨੂੰ ਚਾਂਦੀ ਸ਼੍ਰੇਣੀ ਅਤੇ ਮਹੀਨਾਵਾਰੀ ਦੇ ਜੇਤੂ ਨੂੰ ਸੋਨੇ ਦੀ ਸ਼੍ਰੇਣੀ ਦੇ ਸਰਟੀਫਿਕੇਟ ਅਤੇ ਟੀ - ਸ਼ਰਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤਰ੍ਹਾਂ ਪੰਜਾਬ ਸਰਕਾਰ ਦੀ ਇਹ ਪਹਿਲ ਇਕ ਲੋਕ ਮੁਹਿੰਮ ਦਾ ਰੂਪ ਲੈ ਲਵੇਗੀ।