ਕੰਪਨੀ ਦੇ ਚਾਰ ਵਰਕਰ ਪਾਜ਼ੇਟਿਵ ਆਉਣ ਮਗਰੋਂ ਪ੍ਰਸ਼ਾਸਕੀ ਵਿਭਾਗ ਸੀਲ, 11 ਸੈਂਪਲ ਲਏ
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਰੇ ਮੁਲਾਜ਼ਮਾਂ ਦੇ ਸਰਵੇ ਦਾ ਕੰਮ ਜਾਰੀ
ਐਸ ਏ ਐਸ ਨਗਰ , 17 ਜੂਨ 2020 : ਡੇਰਾਬੱਸੀ ਲਾਗੇ ਭਾਂਖਰਪੁਰ ਵਿਖੇ ਪੈਂਦੇ ਮੋਲਸਨ ਕੂਰਜ਼ ਨਾਮੀ ਕੰਪਨੀ ਦੇ ਬੀਅਰ ਪਲਾਂਟ ਦੇ ਚਾਰ ਵਰਕਰਾਂ ਦੇ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆਉਣ ਮਗਰੋਂ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਪਲਾਂਟ ਦਾ ਦੌਰਾ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਪ੍ਰਸ਼ਾਸਕੀ ਵਿਭਾਗ ਵਿਚ ਕੰਮ ਕਰਦੇ ਚਾਰ ਵਰਕਰ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਹਨ ਜਿਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਅਹਿਤਿਆਤ ਵਜੋਂ ਇਸ ਵਿਭਾਗ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ ਅਤੇ ਵਿਭਾਗ ਦੇ ਬਾਕੀ ਵਰਕਰਾਂ ਨੂੰ ਘਰਾਂ ਵਿਚ ਅਲੱਗ ਰਹਿਣ ਦੀ ਹਦਾਇਤ ਕਰ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਲਕ ਤੋਂ ਕੰਪਨੀ ਦੇ ਸਾਰੇ ਮੁਲਾਜ਼ਮਾਂ ਦੀ 'ਰੈਂਡਮ ਸੈਂਪਲਿੰਗ' ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਹੁਣ ਤਕ ਪ੍ਰਸ਼ਾਸਨਿਕ ਵਿਭਾਗ ਦੇ 11 ਵਰਕਰਾਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਛੇਤੀ ਹੀ ਆ ਜਾਵੇਗੀ। ਡਾ. ਮਨਜੀਤ ਸਿੰਘ ਮੁਤਾਬਕ ਸਿਹਤ ਵਿਭਾਗ ਸਥਿਤੀ 'ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ ਅਤੇ ਯਕੀਨੀ ਬਣਾ ਰਿਹਾ ਹੈ ਕਿ ਇਸ ਮਾਰੂ ਬੀਮਾਰੀ ਦਾ ਹੋਰ ਫੈਲਾਅ ਨਾ ਹੋਵੇ। ਸਾਰੇ ਮੁਲਾਜ਼ਮਾਂ ਦੇ ਘਰਾਂ ਦੇ ਪਤੇ ਅਤੇ ਸੰਪਰਕ ਨੰਬਰ ਲੈ ਕੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਜਾਣਕਾਰੀ ਦਿਤੀ ਕਿ ਜ਼ਿਲੇ ਵਿਚ ਬੁੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਦੋ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਦੋਵੇਂ ਮਰੀਜ਼ ਪਿੰਡ ਦੱਪਰ ਨਾਲ ਸਬੰਧਤ ਹਨ। ਇਹਨਾਂ ਵਿਚ 18 ਸਾਲਾ ਮਨੀਸ਼ ਅਤੇ 36 ਸਾਲਾ ਕੰਚਨ ਸ਼ਾਮਲ ਹਨ। ਇਹੋ ਦੋਵੇਂ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਏ ਸਨ। ਜ਼ਿਲੇ ਵਿਚ ਹੁਣ ਤੱਕ ਕੁੱਲ 191 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ 58 ਐਕਟਿਵ ਮਾਮਲੇ ਹਨ।
ਡਾ. ਮਨਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਬਰਕਰਾਰ ਹੈ ਅਤੇ ਲੋਕਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਾਵਧਾਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਪੈਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ ਅਤੇ ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਟੀਮ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਨੋਡਲ ਅਫ਼ਸਰ ਡਾ. ਰੇਨੂੰ ਸਿੰਘ, ਡਾ. ਹਰਮਨਦੀਪ ਕੌਰ, ਐਸਐਮਓ ਡਾ. ਸੰਗੀਤਾ ਜੈਨ, ਡਾ. ਐਚ.ਐਸ. ਚੀਮਾ, ਡਾ. ਵਿਕਰਾਂਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਆਦਿ ਸ਼ਾਮਲ ਸਨ।