ਫਿਰੋਜ਼ਪੁਰ 18 ਜੂਨ 2020 : ਥਾਣਾ ਆਰਿਫ ਕੇ ਪੁਲਿਸ ਨੇ ਗਸ਼ਤ ਦੌਰਾਨ ਕਾਰਾਂ ਚੋਰੀ ਕਰਕੇ ਤੇ ਉਨ੍ਹਾਂ ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ ਦੋ ਵਿਅਕਤੀਆਂ ਖਿਲਾਫ 379, 411, 420, 473, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਹਵੇਲੀ ਮੈਰਿਜ ਪੈਲੇਸ ਆਰਿਫ ਕੇ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਮਿੱਠਣ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ 5 ਜੈਮਲ ਵਾਲਾ ਚੋਂਕ ਮੱਲਾਂਵਾਲਾ, ਗੁਰਪ੍ਰੀਤ ਸਿੰਘ ਪੁੱਤਰ ਗੋਰਾ ਪੁੱਤਰ ਅੰਗਰੇਜ਼ ਸਿੰਘ ਉਰਫ ਗੋਲਾ ਵਾਸੀ ਸ਼ੇਰ ਖਾਂ ਗੱਡੀਆਂ ਤੇ ਕਾਰਾਂ ਚੋਰੀ ਕਰਕੇ ਤੇ ਉਨ੍ਹਾਂ ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਦੇ ਹਨ, ਜੋ ਹੁਣ ਵੀ ਕਾਰ ਨੰਬਰ ਐੱਚਪੀ 36ਬੀ 3102 ਸਵਿਫਟ 'ਤੇ ਆ ਰਹੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਜਦ ਉਕਤ ਜਗ੍ਹਾ ਉਤੇ ਨਾਕਾਬੰਦੀ ਕੀਤੀ ਗਈ ਤਾਂ ਪੁਲਿਸ ਨੇ ਦੋਸ਼ੀ ਮਿੱਠਣ ਨੂੰ ਸਮੇਤ ਉਕਤ ਕਾਰ ਕਾਬੂ ਕੀਤਾ ਤੇ ਦੋਸ਼ੀ ਗੁਰਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।