ਅਸ਼ੋਕ ਵਰਮਾ
ਬਠਿੰੰਡਾ, 18 ਜੂਨ 2020: ਏਡੀਸੀ ਵਿਕਾਸ ਮਾਨਸਾ ਅਮਰਪ੍ਰੀਤ ਕੌਰ ਨੇ ਮਿਸ਼ਨ ਫਤਿਹ ਨੂੰ ਸਫਲ ਬਨਾਉਣ ਲਈ ਜਿਲੇ ਦੀਆਂ ਯੂਥ ਕਲੱਬਾਂ ਦਾ ਸਰਗਰਮ ਸਹਿਯੋਗ ਲੈਣ ਦਾ ਐਲਾਨ ਕੀਤਾ ਹੈ। ਏਡੀਸੀ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਸਾਵਧਾਨੀਆਂ ਵਰਤਣ ਲਈ ਸ਼ੁਰੂ ਕੀਤੀ ਮਿਸ਼ਨ ਫਤਿਹ ਮੁਹਿੰਮ ਹੇਠ ਚੰਗਾ ਕੰਮ ਕਰਨ ਵਾਲੇ ਕੋਰੋਨਾ ਯੋਧਿਆਂ ਨੂੰ ਮਿਸ਼ਨ ਫਤਿਹ ਬੈਜ ਲਗਾਉਣ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਮਾਨਸਾ ਜਿਲੇ ਦੀਆਂ ਸਮੂਹ ਯੂਥ ਕਲੱਬਾਂ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ ਜਿਸ ’ਚ ਮਾਸਕ ਵੰਡਣੇ ਅਤੇ ਲੋੜਵੰਦਾਂ ਨੂੰ ਖਾਣਾ ਅਤੇ ਰਾਸ਼ਨ ਵੀ ਵੰਡਣਾ ਸ਼ਾਮਲ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਇਹ ਵੀ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰਹੇਗੀ।ਉਨਾਂ ਲੋਕਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਹਾਜਰ ਜਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਸ਼੍ਰੀ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਮਿਸ਼ਨ ਫਤਿਹ ਪ੍ਰੋਗਰਾਮ ਹੀ ਨਹੀਂ ਬਲਕਿ ਇਕ ਸੰਕਲਪ ਹੈ ਜੋ ਕੈਪਟਨ ਅਮਰਿੰਦਰ ਸਿੰਘ ਮ ਨੇ ਕੋਰੋਨਾ ਦੇ ਖਾਤਮੇ ਲਈ ਲਿਆ ਹੈ। ਉਨਾਂ ਕਿਹਾ ਕਿ ਕੌਮੀ ਪੱਧਰ ਤੇ ਵੀ ਮੁੱਖ ਮੰਤਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਕੀ ਰਾਜਾਂ ਨੂੰ ਪੰਜਾਬ ਮਾਡਲ ਅਪਨਾਉਣ ਲਈ ਕਿਹਾ ਹੈ। ਸ਼੍ਰੀ ਮੋਫਰ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋ ਦੂਰ ਰੱਖਣ ਹਿੱਤ ਜਲਦੀ ਹੀ ਖੇਡਾਂ ਦਾ ਸਮਾਨ ਅਤੇ ਜਿੰਮ ਦਿੱਤੇ ਜਾਣਗੇ। ਉਹਨਾਂ ਲੌਕਾਂ ਨੂੰ ਘਰ ਘਰ ਨਿਗਰਾਨੀ ਅਤੇ ਕੋਵਾ ਐਪ ਡਾਉਨਲੋਡ ਕਰਨ ਦੀ ਅਪੀਲ ਕੀਤੀ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਨੋਡਲ ਅਫਸਰ ਸੰਦੀਪ ਸਿੰਘ ਘੰਡ ਨੇ ਜਿਲੇ ਦੀਆਂ ਯੂਥ ਕਲੱਬਾਂ ਵੱਲੋਂ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ , ਲੋੜਵੰਦਾਂ ਨੂੰ ਖਾਣਾ ਰਾਸ਼ਨ ਤੇ ਮਾਸਕ ਵੰਡਣ ਤੋਂ ਇਲਾਵਾ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਲਾਏ ਖੂਨਦਾਨ ਕੈਂਪਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ’ਚ ਸ਼ਾਮਲ ਬਲਾਕ ਸੰਮਤੀ ਝੁਨੀਰ ਦੇ ਚੇਅਰਮੈਨ ਅਜੈਬ ਸਿੰਘ ਚਚਹੋਰ, ਕਲੱਬ ਆਗੂ ਗੁਰਪਾਲ ਸਿੰਘ ਚਹਿਲ ਲੈਕਚਰਾਰ,ਸਿਖਿੱਆ ਵਿਕਾਸ ਮੰਚ ਦੇ ਪ੍ਰਧਾਨ ਤੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਅਤੇ ਵੱਖ ਵੱਖ ਕਲੱਬ ਆਗੂਆਂ ਨੇ ਕੋਰੋਨਾ ਦੇ ਖਾਤਮੇ ਤੱਕ ਇਸੇ ਤਰਾਂ ਮੁਹਿੰਮ ਨੂੰ ਜਾਰੀ ਰੱਖਣ ਦਾ ਸਕਲੰਪ ਲਿਆ।