ਅਸ਼ੋਕ ਵਰਮਾ
ਮਾਨਸਾ, 18 ਜੂਨ 2020: ਨੋਵਲ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਸੂਬਾ ਵਾਸੀਆਂ ਨੂੰ ਬਚਾਈ ਰੱਖਣ ਦੇ ਮੰਤਵ ਨਾਲ ਮ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਪ੍ਰਚਾਰ ਵੈਨਾਂ ਕਾਫ਼ੀ ਸਹਾਈ ਸਿੱਧ ਹੋ ਰਹੀਆਂ ਹਨ।ਇਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਮਿਸ਼ਨ ਫਤਿਹ ਤਹਿਤ ਚੱਲ ਰਹੇ ਤੀਜੇ ਹਫ਼ਤੇ ਦੌਰਾਨ ਚਲਾਈਆਂ ਜਾ ਰਹੀਆਂ ਪ੍ਰਚਾਰ ਵੈਨਾਂ ਦੇ ਦੂਜੇ ਗੇੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ 16 ਪ੍ਰਚਾਰ ਵੈਨਾਂ ਜ਼ਿਲਾ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ, ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਜੂਨ ਨੂੰ ਇਨਾਂ ਵੈਨਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਅਤੇ ਅੱਜ ਫਿਰ ਇਨਾਂ ਪ੍ਰਚਾਰ ਵੈਨਾਂ ਨੂੰ ਕੋਵਿਡ-19 ਸਬੰਧੀ ਜਾਗਰੂਕਤਾ ਫੈਲਾਉਣ ਲਈ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ’ਤੇ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 21 ਜੂਨ ਤੱਕ ਮਿਸ਼ਨ ਫਤਿਹ ਸਬੰਧੀ ਇਹ ਸਪਤਾਹ ਚਲਾਇਆ ਜਾ ਰਿਹਾ ਹੈ, ਜਿਸ ਦਾ ਮੰਤਵ ਆਮ ਲੋਕਾਂ ਨੂੰ ਕੋਵਿਡ-19 ਦੀ ਚਪੇਟ ਵਿੱਚ ਆਉਣ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਇਨਾਂ 16 ਪ੍ਰਚਾਰ ਵੈਨਾਂ ਵਿੱਚੋਂ ਨਗਰ ਕੌਂਸਲ ਮਾਨਸਾ, ਬੁਢਲਾਡਾ ਅਤੇ ਬਰੇਟਾ ਲਈ 2-2 ਵੈਨਾਂ ਸ਼ਹਿਰੀ ਇਲਾਕਿਆਂ ਵਿੱਚ ਪ੍ਰਚਾਰ ਕਰਨ ਅਤੇ ਜ਼ਿਲੇ ਦੇ 5 ਬਲਾਕਾਂ ਮਾਨਸਾ, ਸਰਦੂਲਗੜ, ਬੁਢਲਾਡਾ, ਝੁਨੀਰ ਅਤੇ ਜੋਗਾ ਬਲਾਕ ਵਿੱਚ 2-2 ਵੈਨਾਂ ਪੇਂਡੂ ਖੇਤਰ ਵਿੱਚ ਪ੍ਰਚਾਰ ਲਈ ਭੇਜੀਆਂ ਗਈਆਂ ਹਨ, ਜੋ ਲੋਕਾਂ ਨੂੰ ਮਾਸਕ ਪਹਿਨਣ, ਆਪਣੇ ਹੱਥਾਂ ਨੂੰ ਸਾਫ਼ ਰੱਖਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦਾ ਮੁੱਖ ਮੰਤਵ ਲੋਕਾਂ ਨੂੰ ਕੋਵਿਡ-19 ਤੋਂ ਵੱਧ ਤੋਂ ਵੱਧ ਜਾਣੂ ਕਰਵਾਉਣਾ ਹੈ ਅਤੇ ਉਸ ਤੋਂ ਬਚਾਅ ਸਬੰਧੀ ਜੋ ਨੁਕਤੇ ਹਨ, ਉਨਾਂ ਨੂੰ ਲੋਕਾਂ ਨਾਲ ਸਾਂਝਾ ਕਰਨਾ ਹੈ।ਉਨਾਂ ਅਪੀਲ ਕੀਤੀ ਕਿ ਲੋਕ ਇਸ ਮਿਸ਼ਨ ਨਾਲ ਜੁੜਨ ਅਤੇ ਕੋਵਾ ਪੰਜਾਬ ਐਪ ਡਾਊਨਲੋਡ ਕਰਕੇ ਉਸ ਵਿੱਚ ਮਿਸ਼ਨ ਫਤਿਹ ਨੂੰ ਜੁਆਇੰਨ ਕਰਨ, ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ।