ਅਸ਼ੋਕ ਵਰਮਾ
ਬਠਿੰਡਾ, 18 ਜੂਨ 2020: ਆਮ ਆਦਮੀ ਪਾਰਟੀ ਜਿਲਾ ਬਠਿੰਡਾ ਦੇ ਅਹੁਦੇਦਾਰ ਤੇ ਵਲੰਟੀਅਰਜ਼ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਬਿਜਲੀ ਬਿੱਲਾਂ ਦੇ ਨਾ ਉਪਰ ਨਾਗਰਿਕਾਂ ਵਪਾਰੀਆਂ, ਕਾਰੋਬਾਰੀਆਂ ਤੇ ਇੰਡਸਟਰੀ ਦੀ ਕੀਤੀ ਜਾ ਰਹੀ ਕਥਿਤ ਲੁੱਟ ਉਪਰ ਰੋਸ ਪ੍ਰਦਰਸ਼ਨ ਤੋਂ ਬਾਅਦ ਡਿਪਟੀ ਕਮਿਸਨਰ ਬਠਿੰਡਾ ਨੂੰ ਮੰਗ ਪੱਤਰ ਵੀ ਸੌਂਪਿਆ । ਪ੍ਰਦਰਸ਼ਨ ਦੌਰਾਨ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਅੱਜ ਜਿਥੇ ਸਾਰੀ ਦੁਨੀਆਂ ਦੀਆਂ ਸਰਕਾਰਾਂ, ਚੱਲ ਰਹੇ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਕਾਰੋਬਾਰ ਵਿੱਚ ਖੜੋਤ ਆਉਣ ਕਰਕੇ ਆਪਣੇ ਨਾਗਰਿਕਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀਆਂ ਨੂੰ ਵੱਖ-ਵੱਖ ਰਿਆਇਤਾਂ ਜ਼ਰੀਏ ਉਹਨਾਂ ਨੂੰ ਬਚਾਉਣ ਲਈ ਯਤਨਸ਼ੀਲ ਹਨ ਜਦੋਂਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਕੋਈ ਸਿੱਧੀ ਵਿੱਤੀ ਸਹਾਇਤਾ ਭੇਜਣ ਦੀ ਬਜਾਏ, ਭਾਰੀ ਬਿਜਲੀ ਦੇ ਬਿੱਲ ਭੇਜ ਰਹੀ ਹੈ। ਉਨਾਂ ਕਿਹਾ ਕਿ ਰਾਜ ਦੇ ਪ੍ਰਾਈਵੇਟ ਸੈਕਟਰਾਂ ਵਿਚ ਕੰਮ ਕਰ ਰਹੇ ਆਮ ਨਾਗਰਿਕਾਂ ਜਾਂ ਛੋਟੇ ਕਾਰੋਬਾਰੀਆਂ ਨੂੰ ਤਨਖਾਹਾਂ ਵਿਚ ਕਟੌਤੀ ਅਤੇ ਕਾਰੋਬਾਰ ਵਿਚ ਮੰਦੀ ਦੇ ਕਾਰਨ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਅਣ ਐਲਾਨੇ ਬਿਜਲੀ ਕੱਟਾਂ ਦਾ ਵੀ ਵਿਰੋਧ ਕੀਤਾ ਕਿਹਾ ਕਿ ਪੰਜਾਬ ਅੰਦਰ ਸਭ ਤੋਂ ਮਹਿੰਗੀ ਬਿਜਲੀ ਹੋਣ ਦੇ ਨਾਲ ਲੰਮੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਵੀ ਪੋਲ ਖੁੱਲ ਗਈ ਹੈ ਜੋ ਕਿ ਸਰ ਪਲੱਸ ਬਿਜਲੀ ਤੇ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਗੱਲ ਕਰਦੀ ਸੀ।
ਜਿਲਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਸਰਕਾਰੀ ਹੁਕਮਾਂ ਮੁਤਾਬਿਕ ਇੰਡਸਟਰੀ ਨੂੰ ਮਹਿਜ ਅੱਧੇ ਕਾਮਿਆਂ ਨਾਲ ਅੱਧੀ ਸਮਰੱਥਾ ਤੇ ਚੱਲਣ ਦੇ ਹੁਕਮ ਹਨ ਪਰ ਇਸ ਸਮੇਂ ਪੂਰੇ ਫਿਕਸਡ ਚਾਰਜਿਜ਼ਲਏ ਜਾ ਰਹੇ ਹਨ ਜੋ ਜਾਇਜ਼ ਨਹੀਂ ਹੈ। ਪੰਜਾਬ ਵਾਪਾਰ ਵਿੰਗ ਦੇ ਸਹਿ ਪ੍ਰਧਾਨ ਅਨਿਲ ਠਾਕੁਰ ਤੇ ਜਿਲੱਾ ਪ੍ਰਧਾਨ ਮਨਜੀਤ ਸਿੰਘ ਮੌੜ ਨੇ ਵੀ ਵਿਚਾਰ ਪੇਸ਼ ਕੀਤੇ। ਆਪ ਲੀਡਰਸ਼ਿਪ ਨੇ ਮੰਗ ਕੀਤੀ ਕਿ ਪੰਜਾਬ ਦੇ ਘਰੇਲੂ ਖਪਤਕਾਰਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀ ਦੇ ਪਿਛਲੇ 3 ਮਹੀਨਿਆਂ ਦੇ ਬਿਜਲੀ ਬਿੱਲ ਮਾਫ ਕੀਤੇ ਜਾਣ । ਇਸ ਦੇ ਨਾਲ ਹੀ ਪ੍ਰਾਪਰਟੀ ਟੈਕਸ, ਸੀਵਰੇਜ ਬਿੱਲ, ਬੈਂਕਾਂ ਦੇ ਵੱਖ-ਵੱਖ ਲੋਨ ਦੀਆਂ ਕਿਸ਼ਤਾਂ ਸਮੇਤ ਹੋਰ ਟੈਕਸਾਂ ਤੋਂ ਜਨਤਾ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਬੰਦ ਪਏ ਵਪਾਰ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਅਜਿਹਾ ਨਾਂ ਹੋਣ ਦੀ ਸੂਰਤ ਵਿੱਚ, ਆਮ ਆਦਮੀ ਪਾਰਟੀ, ਸਰਕਾਰ ਦੇ ਨਾਦਰਸ਼ਾਹੀ ਰਵੱਈਏ ਖ਼ਿਲਾਫ਼ ਜਬਰਦਸਤ ਸੂਬਾ ਪੱਧਰੀ ਸੰਘਰਸ਼ ਛੇੜਣ ਲਈ ਮਜਬੂਰ ਹੋਵੇਗੀ। ਇਸ ਮੌਕੇ ਪੰਜਾਬ ਦੇ ਬੁਲਾਰੇ ਨੀਲ ਗਰਗ , ਹਲਕਾ ਇੰਚਾਰਜ ਅਮਿ੍ਰਤ ਲਾਲ ਅਗਰਵਾਲ, ਭੁੱਚੋ ਦੇ ਇੰਚਾਰਜ ਮਾਸਟਰ ਜਗਸੀਰ ਸਿੰਘ , ਮੀਡੀਆ ਇੰਚਾਰਜ ਰਾਕੇਸ਼ ਪੁਰੀ ,ਅਤੇ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ ਆਦਿ ਹਾਜ਼ਰ ਸਨ।