ਥਾਣਾ ਬਡਾਲੀ ਆਲਾ ਸਿੰਘ ਪੁਲੀਸ ਨੇ ਪੰਜਾਬੀ ਰਸੋਈ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ
ਸਮਾਜਕ ਵਿੱਥ ਕਾਇਮ ਨਾ ਰੱਖਣ ਤੇ ਮਾਸਕ ਨਾ ਪਾਉਣ ਦਾ ਵੀ ਲੱਗਿਆ ਦੋਸ਼
ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 20 ਜੂਨ 2020: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਢਾਬੇ/ਰੈਸਟੋਰੈਂਟ ਆਦਿ ਵਿਖੇ ਬਿਠਾ ਕੇ ਖਾਣਾ ਖਵਾਉਣ ਦੀ ਥਾਂ ਕੇਵਲ ਟੇਕਅਵੇਅ ਦੀ ਛੋਟ ਦਿੱਤੀ ਗਈ ਹੈ ਤੇ ਇਨ੍ਹਾਂ ਥਾਵਾਂ ਉਤੇ ਮੌਜੂਦ ਲੋਕਾਂ ਵੱਲੋਂ ਮਾਸਕ ਪਾ ਕੇ ਰੱਖਣ ਤੇ ਸਮਾਜਕ ਵਿੱਥ ਕਾਇਮ ਰੱਖਣੀ ਲਾਜ਼ਮੀ ਹੈ ਪਰ ਬਡਾਲੀ ਆਲਾ ਸਿੰਘ ਸਥਿਤ ਪੰਜਾਬੀ ਰਸੋਈ ਦੇ ਮਾਲਕ ਲਖਵਿੰਦਰ ਸਿੰਘ ਖਿਲਾਫ ਗਾਹਕਾਂ ਨੂੰ ਢਾਬੇ ਉਤੇ ਬਿਠਾ ਕੇ ਖਾਣਾ ਖਵਾਉਣ, ਸਮਾਜਕ ਵਿੱਥ ਕਾਇਮ ਨਾ ਰੱਖਣ ਅਤੇ ਮਾਸਕ ਨਾ ਪਾਉਣ ਦੇ ਦੋਸ਼ ਹੇਠ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਨੇ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਿੱਚ 188, 269, 270 ਆਈ ਪੀ ਸੀ, 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬਸੀ ਪਠਾਣਾਂ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪੁਲੀਸ ਵੱਲੋਂ ਦਿਨ ਰਾਤ ਇਕ ਕਰ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਸਬੰਧੀ ਕੰਮ ਕੀਤਾ ਜਾ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀ ਚੌਹਾਨ ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਲਖਵਿੰਦਰ ਸਿੰਘ ਵਾਸੀ ਬਡਾਲੀ ਆਲਾ ਸਿੰਘ ਪੰਜਾਬੀ ਰਸੋਈ ਢਾਬੇ ਵਿਖੇ ਗਾਹਕਾਂ ਨੂੰ ਬਿਠਾ ਕੇ ਖਾਣਾ ਖੁਆ ਰਿਹਾ ਹੈ ਤੇ ਉਸ ਵੱਲੋਂ ਸਮਾਜਕ ਵਿੱਥ ਅਤੇ ਮਾਸਕ ਪਾਉਣ ਸਬੰਧੀ ਨਿਯਮਾਂ ਦੀ ਪਾਲਣਾਂ ਵੀ ਨਹੀਂ ਕੀਤੀ ਜਾ ਰਹੀ।ਇਸ ਸਬੰਧੀ ਕਾਰਵਾਈ ਕਰਦਿਆਂ ਪੁਲੀਸ ਨੇ ਕੇਸ ਦਰਜ ਕਰ ਕੇ ਢਾਬਾ ਮਾਲਕ ਨੂੰ ਗ੍ਰਿਫ਼ਤਾਰ ਕੀਤਾ।
ਸ੍ਰੀ ਚੌਹਾਨ ਨੇ ਕਿਹਾ ਕਿ ਕੋਰੋਨਾ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਚਲਾਇਆ ਜਾ ਰਿਹਾ ਹੈ ਤੇ ਪੁਲੀਸ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਮੱਦੇਨਜ਼ਰ ਮਾਸਕ ਨਾ ਪਾਉਣ ਅਤੇ ਸਮਾਜਕ ਵਿੱਥ ਦੀ ਉਲੰਘਣਾ ਸਬੰਧੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਦਿਆਂ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਨੂੰ ਮਾਤ ਦੇਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਕੋਈ ਵੀ ਢਾਬਾ ਜਾਂ ਰੈਸਟੋਰੈਂਟ ਮਾਲਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।