ਅਸ਼ੋਕ ਵਰਮਾ
ਮਾਨਸਾ, 22 ਜੂਨ 2020: ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਮਾਨਸਾ ਦੇ ਸਹਿਯੋਗ ਨਾਲ ਅਜੋਕੇ ਸਮੇਂ ਦੇ ਰਾਜਨੀਤਿਕ, ਸਮਾਜਿਕ ਅਤੇ ਸਾਹਿਤਕ ਹਾਲਤਾਂ ਤੇ ਵਿਚਾਰ ਵਟਾਂਦਰਾਂ ਕਰਨ ਲਈ ਆਨਲਾਈਨ ਜ਼ੂਮ ਐਪ ਦੇ ਮਾਧਿਅਮ ਰਾਹੀਂ ’ਸਾਹਿਤਕਾਰ ਤੇ ਕਰੋਨਾ ਸੰਕਟ’ ਦੇ ਵਿਸ਼ੇ ਤੇ ਇੱਕ ਵੈਬਿਨਾਰ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਥਾਵਾਂ ਤੋਂ 47 ਲੇਖਕਾਂ, ਖੋਜਾਰਥੀਆਂ ਅਤੇ ਸਰੋਤਿਆਂ ਨੇ ਸ਼ਮੂਲੀਅਤ ਕੀਤੀ। ਵੈਬਿਨਾਰ ਦੇ ਸ਼ੁਰੂ ਵਿਚ ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਮਾਨਸਾ ਦੇ ਪ੍ਰਧਾਨ ਗੁਰਨੈਬ ਸਿੰਘ ਮੰਘਾਣੀਆਂ ਨੇ ਜੀ ਆਇਆ ਕਹਿੰਦਿਆਂ ਇਸ ਵੈਬਿਨਾਰ ਕਰਵਾਉਣ ਦੇ ਮਕਸਦ ਅਤੇ ਅਜੋਕੇ ਸਮੇਂ ਦੀਆਂ ਵਿਭਿੰਨ ਪਰਸਥਿਤੀਆਂ ਨੂੰ ਲੈ ਕੇ ਗੱਲਬਾਤ ਕੀਤੀ। ਵੈਬੀਨਾਰ ਦਾ ਸੰਚਾਲਨ ਕਰਦਿਆਂ ਜਗਦੀਸ਼ ਰਾਏ ਕੁਲਰੀਆਂ ਨੇ ਕਿਹਾ ਕਿ ਮੰਚ ਵੱਲੋਂ ਇਸ ਲਾਕਡਾਊਨ, ਕਰਫਿਊ ਤੇ ਕਰੋਨਾ ਕਾਲ ਦੇ ਸਮੇਂ ਵਿਚ ਇਹ ਚੌਥਾ ਸਮਾਗਮ ਹੈ, ਜਿਸਦੇ ਜ਼ਰੀਏ ਅਜੋਕੇ ਸਮੇਂ ਦੀਆਂ ਚੁਣੌਤੀਆਂ ਨੂੰ ਸਮਝਿਆ ਜਾ ਰਿਹਾ ਹੈ।
ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਪ੍ਰੋਫੈਸਰ ਡਾ. ਸ਼ਿਆਮ ਸੁੰਦਰ ਦੀਪਤੀ ਨੇ ’ਕਰੋਨਾ ਸੰਕਟ ਦੌਰਾਨ ਸਿਹਤ ਨਾਲ ਜੁੜੇ ਮਸਲੇ’ ਤੇ ਲੰਮੀ ਗੱਲਬਾਤ ਕਰਦੇ ਹੋਏ ਕਿਹਾ ਕਿ ਕਰੋਨਾ ਸੰਕਟ ਦੇ ਦੌਰਾਨ ਜਿਸ ਪੱਧਰ ਤੇ ਆਮ ਜਨਤਾ ਨੂੰ ਇਸ ਬਿਮਾਰੀ ਬਾਰੇ ਜਾਣੂ ਕੀਤਾ ਜਾਣਾ ਚਾਹੀਦਾ ਸੀ, ਉਹ ਨਹੀਂ ਹੋਇਆ ਜਿਸ ਕਾਰਨ ਇੱਕ ਡਰ ਅਤੇ ਖੌਫ਼ ਦਾ ਮਾਹੌਲ ਪੈਦਾ ਹੋਇਆ ਹੈ। ਉਨਾਂ ਇਸ ਸੰਕਟ ਤੇ ਪੜਾਅ ਵਾਰ ਚਰਚਾ ਕਰਦਿਆਂ ਕਿਹਾ ਕਿ ਇਸ ਨੇ ਬੰਂਦੇ ਦੀ ਮਾਨਸਿਕ ਸਥਿਤੀ ਤੇ ਵੀ ਅਸਰ ਪਾਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਮਾਨਸਿਕ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।ਉਨਾਂ ਇਸ ਬਿਮਾਰੀ ਦੇ ਸਮਾਜਿਕ ਪੱਖ ਤੋਂ ਇਲਾਵਾ ਇਸ ਪ੍ਰਤੀ ਫੈਲੀਆਂ ਗਲਤ ਧਾਰਨਾਵਾਂ ਅਤੇ ਇਸ ਤੋਂ ਬਚਣ ਲਈ ਸਾਵਧਾਨੀਆਂ ਆਦਿ ਬਾਰੇ ਵੀ ਗੱਲਬਾਤ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਦੇ ਮੁਖੀ ਡਾ. ਭੀਮ ਇੰਦਰ ਸਿੰਘ ਨੇ ’ਕਰੋਨਾ ਸੰਕਟ ਅਤੇ ਰਾਜਨੀਤਿਕ ਚੁਣੌਤੀਆਂ’ ਵਿਸ਼ੇ ਤੇ ਭਾਵਪੂਰਤ ਗੱਲਬਾਤ ਕੀਤੀ।ਉਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਆਮ ਬੰਦੇ ਦੀ ਬੇਬਸੀ ਅਤੇ ਮਜ਼ਬੂਰੀ ਨੂੰ ਸਮਝਣ ਵਿਚ ਨਾਕਾਮ ਰਹੀਆਂ ਹਨ ਇਸ ਕਰਕੇ ਹੀ ਮਜ਼ਦੂਰ ਵਰਗ ਨੂੰ ਹਿਜ਼ਰਤ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨਾਂ ਅੰਤਰਰਾਸ਼ਟਰੀ ਪੱਧਰ ਦੇ ਹਵਾਲਿਆਂ ਨਾਲ ਕਿਹਾ ਕਿ ਕੁਝ ਕਾਰਪੋਰੇਟ ਘਰਾਣੇ ਸਾਰੇ ਸਾਧਨਾਂ ਤੇ ਕਬਜ਼ਾ ਕਰੀ ਬੈਠੇ ਹਨ ਅਤੇ ਤੀਸਰੇ ਵਿਸ਼ਵ ਯੁੱਧ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਉਨਾਂ ਲੋਕਹਿਤੂ ਧਿਰਾਂ ਨੂੰ ਇੱਕਠੇ ਹੋ ਕੇ ਇਹਨਾਂ ਚਾਲਾਂ ਦਾ ਮੁਕਾਬਲਾ ਕਰਨ ਨੂੰ ਕਿਹਾ। ਪ੍ਰਸਿੱਧ ਚਿੰਤਕ ਅਤੇ ਵਿਦਵਾਨ ਡਾ ਕੁਲਦੀਪ ਸਿੰਘ ਦੀਪ ਨੇ ’ਕਰੋਨਾ ਸੰਕਟ ਦੇ ਦੌਰ ਵਿਚ ਸਾਹਿਤ ਦੀ ਭੂਮਿਕਾ’ ਵਿਸ਼ੇ ਤੇ ਨਿੱਠ ਕੇ ਚਰਚਾ ਕਰਦਿਆਂ ਕਿਹਾ ਕਿ ਕਰੋਨਾ ਸੰਕਟ ਵੀ ਸਾਹਿਤ ਦਾ ਹਿੱਸਾ ਬਣ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਬਣੇਗਾ।ਉਨਾਂ ਕਿਹਾ ਕਿ ਇਸ ਸਮੇਂ ਨੇ ਸਾਹਿਤ ਤੇ ਸੱਭਿਆਚਾਰ ਤੇ ਪ੍ਰਭਾਵ ਪਾਇਆ ਹੈ।
ਉਨਾਂ ਕਿਹਾ ਕਿ ਸਾਹਿਤ ਵਿਚ ਵੱਡੇ ਪਰਿਵਰਤਨ ਆਏ ਹਨ ਅਤੇ ਕੋਈ ਵੀ ਛੋਟੀ ਤੋਂ ਛੋਟੀ ਘਟਨਾ ਤੇ ਵੱਡੀ ਤੋਂ ਵੱਡੀ ਘਟਨਾ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੌਰਾਨ ਨਵੀਂ ਸ਼ਬਦਾਵਲੀ ਸਾਡੇ ਸਾਹਮਣੇ ਆ ਰਹੀ ਹੈ। ਇਹ ਸੰਕਟ ਕਵਿਤਾਵਾਂ ਦੇ ਮਾਧਿਅਮ ਰਾਹੀਂ ਸਾਡੇ ਸਾਹਮਣੇ ਪੇਸ਼ ਹੋ ਰਿਹਾ ਹੈ ਤੇ ਸਾਹਿਤ ਦੀਆਂ ਹੋਰਨਾਂ ਵਿਧਾਵਾਂ ਕਹਾਣੀ ਤੇ ਨਾਵਲ ਵਿਚ ਅਜੇ ਆਉਣਾ ਹੈ।ਕੁਝ ਕੁ ਮਿੰਨੀ ਕਹਾਣੀਆਂ ਅਤੇ ਨਾਟਕਾਂ ਵਿਚ ਇਸ ਦੌਰ ਨੂੰ ਪੇਸ਼ ਵੀ ਕੀਤਾ ਗਿਆ ਹੈ।ਉਨਾਂ ਇਹ ਵੀ ਕਿਹਾ ਕਿ ਇਸ ਦੌਰ ਦੇ ਚੰਗੇ, ਮਾੜੇ ਪੱਖ ਸਾਹਿਤ ਦਾ ਹਿੱਸਾ ਬਨਣਗੇ।ਡਾ. ਦੀਪ ਵੱਲੋਂ ਪੁਰਾਤਨ ਸਮੇਂ ਦੀਆਂ ਉਦਾਹਰਣਾਂ ਨੂੰ ਲੈ ਕੇ ਵੀ ਅਜੋਕੇ ਸੰਦਰਭ ਵਿਚ ਗੱਲਬਾਤ ਕੀਤੀ।ਇਸ ਚਰਚਾ ਵਿਚ ਡਾ. ਰਤਨ ਸਿੰਘ ਢਿੱਲੋਂ, ਨਿਰੰਜਣ ਬੋਹਾ, ਜਸਬੀਰ ਢੰਡ, ਡਾ. ਨਾਇਬ ਸਿੰਘ ਮੰਡੇਰ, ਡਾ. ਬਲਦੇਵ ਸਿੰਘ ਖਹਿਰਾ, ਹਰਿੰਦਰ ਸਿੰਘ ਗੋਗਨਾ, ਗੁਰਸੇਵਕ ਸਿੰਘ ਰੋੜਕੀ, ਡਾ. ਹਰਪ੍ਰੀਤ ਸਿੰਘ ਰਾਣਾ, ਸ਼ਹਿਨਾਜ਼, ਅਮੀਨਾ, ਡਾ. ਇੰਦਰਪਾਲ ਕੌਰ, ਮੰਗਤ ਕੁਲਜਿੰਦ, ਸੀਮਾ ਵਰਮਾ ਆਦਿ ਨੇ ਵੀ ਭਾਗ ਲਿਆ।