ਜੈਕ ਦੀ ਵਿਸ਼ੇਸ਼ ਮੀਟਿੰਗ ਰਿਆਤ ਅਤੇ ਬਾਹਰਾ ਕੈਂਪਸ ਮੁਹਾਲੀ ਵਿਖੇ ਹੋਈ
ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ.ਐਮ.ਐੱਸ) ਦੀ ਵੰਡ ਵਿੱਚ ਦੇਰੀ ਕਾਰਨ ਅਨਏਡਿਡ ਕਾਲਜਾਂ ਦੀਆਂ ਤਨਖ਼ਾਹਾਂ ਹੋਈਆਂ ਪ੍ਰਭਾਵਿਤ: ਜੁਆਇੰਟ ਐਕਸ਼ਨ ਕਮੇਟੀ
ਐਸ.ਏ.ਐਸ ਨਗਰ, 22 ਜੂਨ 2020: ਰਿਆਤ ਅਤੇ ਬਾਹਰਾ ਕੈਂਪਸ ਖਰੜ, ਮੋਹਾਲੀ ਵਿਖੇ 13 ਐਸੋਸੀਏਸ਼ਨਾਂ ਵਾਲੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਇੱਕ ਵਿਸੇਸ਼ ਮੀਟਿੰਗ ਹੋਈ। ਵਫ਼ਦ ਨੇ ਕੋਰੋਨਾਵਾਇਰਸ ਦੇ ਦਰਮਿਆਨ ਵਿਦਿਆਰਥੀਆਂ ਦੀ ਨਿਰਵਿਘਨ ਸਿੱਖਿਆ ਲਈ ਬਿਹਤਰ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਆਨਲਾਈਨ ਕਲਾਸਾਂ, ਤਕਨੀਕੀ ਪਲੇਟਫਾਰਮ, ਆਨਲਾਈਨ ਵਾਇਵਾ ਵੁਆਇਸ, ਫਾਈਨਲ ਪ੍ਰੀਖਿਆਵਾਂ, ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਆਨਲਾਈਨ ਪਲੇਸਮੈਂਟ ਸਬੰਧੀ ਗਤੀਵਿਧੀਆਂ, ਆਨਲਾਈਨ ਕਰੀਅਰ ਕਾਊਂਸਲਿੰਗ ਸੈਸ਼ਨ, ਤਣਾਅ ਪ੍ਰਬੰਧਨ ਸੈਸ਼ਨ ਆਦਿ ਸ਼ਾਮਲ ਹਨ।ਵਫ਼ਦ ਨੇ ਇਹ ਵੀ ਕਿਹਾ ਕਿ ਕੋਰੋਨਾਵਾਇਰਸ ਲੰਬੇ ਸਮੇਂ ਲਈ ਰਹਿ ਸਕਦਾ ਹੈ ਪਰ ਯੂਨੀਵਰਸਿਟੀ/ਕਾਲਜ ਫੈਕਲਟੀ ਦੇ ਸਾਂਝੇ ਯਤਨਾਂ ਨਾਲ ਸਿੱਖਿਆ ਦੀ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਏਗਾ।
ਦੂਜੇ ਪਾਸੇ, ਵਫ਼ਦ ਨੇ ਇਹ ਵੀ ਵਿਚਾਰ ਕੀਤਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ.ਐੱਮ.ਐੱਸ) ਫ਼ੰਡਾਂ ਨੂੰ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਪੰਜਾਬ ਦੇ ਅਨਏਡਿਡ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਤਨਖ਼ਾਹਾਂ ਪ੍ਰਭਾਵਿਤ ਹੋ ਰਹੀਆਂ ਹਨ। ਵਫ਼ਦ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਲੰਮੇ ਸਮੇਂ ਤੋਂ ਫ਼ੰਡ ਜਾਰੀ ਨਾ ਹੋਣ ਕਾਰਨ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵਿੱਤੀ ਸੰਕਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਸ ਮੀਟਿੰਗ ਵਿੱਚ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਉਸ਼ਨਜ਼ ਐਸੋਸੀਏਸ਼ਨ ਅਤੇ ਪੰਜਾਬ ਅਨਏਡਿਡ ਕਾਲਜਾਂ ਐਸੋਸੀਏਸ਼ਨ (ਪੀ.ਯੂ.ਸੀ.ਏ) ਦੇ ਟ੍ਰਾਈਸਿਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ, ਪੁਟੀਆ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ, ਨਰਸਿੰਗ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ, ਪੁਟੀਆ ਦੇ ਸੀਨੀਅਰ ਮੀਤ ਪ੍ਰਧਾਨ ਸ. ਮਨਜੀਤ ਸਿੰਘ, ਬੀ.ਐਡ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ, ਪੌਲੀਟੈਕਨਿਕ ਐਸੋਸੀਏਸ਼ਨ, ਸ. ਰਾਜਿੰਦਰ ਧਨੋਆ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਅਸੋਸੀਏਸ਼ਨ ਦੇ ਪ੍ਰਧਾਨ, ਸ. ਸੁਖਮੰਦਰ ਸਿੰਘ ਚੱਠਾ, ਆਈ.ਟੀ.ਆਈ ਐਸੋਸੀਏਸ਼ਨ ਸ੍ਰੀ ਸਿਮਾਂਸ਼ੂ ਗੁਪਤਾ, ਸ਼੍ਰੀ ਅਮਿਤ ਸ਼ਰਮਾ (ਏ.ਸੀ.ਈ.ਟੀ), ਸ਼੍ਰੀ ਅਸ਼ੋਕ ਗਰਗ (ਐਸ.ਵੀ.ਆਈ.ਈ.ਟੀ), ਸ. ਗੁਰਪ੍ਰੀਤ ਸਿੰਘ (ਯੂਨੀਵਰਸਲ ਗਰੁੱਪ) ਸਮੇਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਚਾਂਸਲਰ ਰਿਆਤ ਅਤੇ ਬਾਹਰਾ ਸ੍ਰੀ ਗੁਰਵਿੰਦਰ ਸਿੰਘ ਬਾਹਰਾ, ਚਾਂਸਲਰ ਸੀਟੀ ਯੂਨੀਵਰਸਿਟੀ ਸ. ਚਰਨਜੀਤ ਸਿੰਘ ਚੰਨੀ ਆਦਿ ਵੀ ਇਸ ਮੀਟਿੰਗ 'ਚ ਸ਼ਾਮਲ ਸਨ।
ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਕੇਂਦਰ ਨੇ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ 1850 ਕਰੋੜ ਰੁਪਏ ਵਿੱਚੋਂ 309 ਕਰੋੜ ਰੁਪਏ ਸੂਬੇ ਨੂੰ ਜਾਰੀ ਕੀਤੇ ਹਨ ਪਰ ਸੂਬਾ ਸਰਕਾਰ ਨੇ ਇਹ ਪੈਸੇ ਕਾਲਜਾਂ ਨੂੰ ਨਹੀਂ ਵੰਡੇ। ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਨੇ ਸਵਾਲ ਕੀਤਾ ਕਿ ਜਦੋਂ ਕੇਂਦਰ ਪਹਿਲਾਂ ਹੀ ਅਦਾਇਗੀ ਕਰ ਚੁੱਕਾ ਹੈ ਤਾਂ ਸੂਬਾ ਸਰਕਾਰ ਰਕਮ ਦੀ ਵੰਡ ਕਿਉਂ ਨਹੀਂ ਕਰ ਰਹੀ?
ਸ. ਮਨਜੀਤ ਸਿੰਘ ਨੇ ਦੱਸਿਆ ਕਿ ਕਾਲਜ ਪਿਛਲੇ 3-4 ਸਾਲਾਂ ਤੋਂ ਆਪਣੀ ਅਦਾਇਗੀ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਕਿ ਐਸਸੀ ਵਿਦਿਆਰਥੀ ਕਾਲਜਾਂ ਵਿੱਚੋਂ ਪਾਸ ਹੋ ਚੁੱਕੇ ਹਨ। ਮਨਜੀਤ ਸਿੰਘ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਐਸਸੀ ਵਿਦਿਆਰਥੀਆਂ ਦੀਆਂ ਫੀਸਾਂ ਆਪਣੀ ਜੇਬ ਵਿੱਚੋਂ ਯੂਨੀਵਰਸਿਟੀ ਅਤੇ ਬੋਰਡ ਨੂੰ ਅਦਾ ਕਰ ਰਹੇ ਹਨ।
ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਨਾ ਤਾਂ ਅਨਏਡਿਡ ਕਾਲਜਾਂ ਨੂੰ ਐਸਸੀ ਵਿਦਿਆਰਥੀਆਂ ਤੋਂ ਫੀਸ ਵਸੂਲ ਕਰਨ ਦੀ ਆਗਿਆ ਦੇ ਰਹੀ ਹੈ ਅਤੇ ਨਾ ਹੀ ਪੀ.ਐਮ.ਐਸ ਸਕੀਮ ਅਧੀਨ ਫੰਡ ਕਾਲਜਾਂ ਨੂੰ ਜਾਰੀ ਕਰ ਰਹੀ ਹੈ,ਜਿਸ ਕਾਰਨ ਇਨ੍ਹਾਂ ਕਾਲਜਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ।
ਮੀਟਿੰਗ ਦੌਰਾਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਫੰਡਾਂ ਦੀ ਵੰਡ ਨਾ ਹੋਣ ਕਾਰਨ ਨਾ ਸਿਰਫ਼ ਹਜ਼ਾਰਾਂ ਅਨਏਡਿਡ ਕਾਲਜ ਬਲਕਿ ਲਗਭਗ 3 ਲੱਖ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ 1 ਲੱਖ ਤੋਂ ਵੱਧ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।