ਮੰਤਰੀ ਮੰਡਲ ਵੱਲੋਂ ਵੱਡੇ ਯੂਨਿਟਾਂ ਨੂੰ ਉਤਸ਼ਾਹਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹੋਰ ਸੁਧਾਰਾਂ ਨੂੰ ਪ੍ਰਵਾਨਗੀ
ਚੰਡੀਗੜ੍ਹ, 22 ਜੂਨ 2020: ਸੂਬੇ ਵਿੱਚ ਵੱਡੀਆਂ ਨਿਰਮਾਣ ਇਕਾਈਆਂ ਦੀ ਸਥਾਪਨਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਇਨ੍ਹਾਂ ਯੂਨਿਟਾਂ ਦੀ ਪਰਿਭਾਸ਼ਾ ਬਦਲਣ ਲਈ ਕਾਨੂੰਨ ਤੇ ਨਿਯਮਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਅਜਿਹੇ ਉਦਯੋਗਾਂ ਦੇ ਸੁਖਾਲੇ ਢੰਗ ਨਾਲ ਚੱਲਣ ਲਈ ਹੋਰ ਸੁਧਾਰਾਂ ਦਾ ਵੀ ਆਗਾਜ਼ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਕ ਵੱਡੀ ਫੈਕਟਰੀ ਲਈ 500 ਤੋਂ ਵੱਧ ਕਾਮਿਆਂ ਦੀ ਮਿੱਥੀ ਸੀਮਾ ਨੂੰ ਵਧਾ ਕੇ 1000 ਤੋਂ ਵੱਧ ਕਾਮੇ ਕਰਨ ਲਈ ਫੈਕਟਰੀਜ਼ ਐਕਟ,1948 ਦੀ ਧਾਰਾ 45 (4) ਅਤੇ ਪੰਜਾਬ ਫੈਕਟਰੀਜ਼ ਰੂਲਜ਼, 1952 ਦੇ ਨਿਯਮ 2 (ਏ), 3 (ਏ) ਅਤੇ 70 (ਏ) ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਤਬਦੀਲੀ ਵੱਡੇ ਉਤਪਾਦਨ ਯੂਨਿਟਾਂ ਦੀ ਸਥਾਪਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਸੀ, ਕਿਉਂ ਜੋ ਸਾਲਾਂ ਪਹਿਲਾਂ ਬਣਾਏ ਨਿਯਮਾਂ, ਜਿਨ੍ਹਾਂ ਵਿੱਚੋਂ ਬਹੁਤੇ ਮੌਜੂਦਾ ਸਮੇਂ ਵਿੱਚ ਵੀ ਲਾਗੂ ਹੋਣ ਯੋਗ ਨਹੀਂ ਹਨ, ਕਰਕੇ ਸਨਅਤਕਾਰ ਮੌਜੂਦਾ ਸਮੇਂ ਵੀ ਅਜਿਹਾ ਕਰਨ ਤੋਂ ਪਾਸਾ ਵੱਟਦੇ ਹਨ। ਮਿਸਾਲ ਦੇ ਤੌਰ 'ਤੇ, ਫੈਕਟਰੀਜ਼ ਐਕਟ, 1948 ਦੇ ਲਾਗੂ ਸੈਕਸ਼ਨ 45 (4) ਤਹਿਤ 500 ਤੋਂ ਵਧੇਰੇ ਵਰਕਰਾਂ ਵਾਲੀਆਂ ਫੈਕਟਰੀਆਂ ਵਿੱਚ ਇਕ ਐਂਬੂਲੈਂਸ ਕਮਰਾ ਹੋਣਾ ਜ਼ਰੂਰੀ ਹੈ। ਜਦੋਂ ਇਹ ਉਪਬੰਧ ਬਣਾਏ ਗਏ ਸਨ, ਇਨੀ ਵੱਡੀ ਗਿਣਤੀ ਵਿੱਚ ਕਿਰਤੀਆਂ ਨੂੰ ਰੱਖਣ ਵਾਲੀਆਂ ਫੈਕਟਰੀਆਂ ਸ਼ਹਿਰਾਂ ਤੋਂ ਦੂਰ ਸਥਾਨਾਂ 'ਤੇ ਹੁੰਦੀਆਂ ਸਨ। ਇਸ ਤੋਂ ਵੀ ਵਧ ਕੇ, ਆਵਾਜਾਈ ਅਤੇ ਸੰਚਾਰ ਦੇ ਸਾਧਨ ਨਾ-ਮਾਤਰ ਹੀ ਸਨ। ਈ.ਐਸ.ਆਈ ਐਕਟ ਅਨੁਸਾਰ ਗੈਰ-ਅਮਲ ਖੇਤਰਾਂ ਅਤੇ ਨਿੱਜੀ ਹਸਪਤਾਲਾਂ ਦੀ ਸੁਵਿਧਾ ਨੇੜੇ ਉਪਲਬਧ ਨਾ ਹੋਣ ਕਾਰਨ ਈ.ਐਸ.ਆਈ ਐਕਟ ਦੇ ਨਿਯਮ ਅਜਿਹੀਆਂ ਫੈਕਟਰੀਆਂ 'ਤੇ ਲਾਗੂ ਨਹੀਂ ਸਨ। ਇਸ ਕਰਕੇ ਐਂਬੂਲੈਂਸ ਕਮਰੇ ਦੇ ਪ੍ਰਬੰਧ ਦੀ ਜ਼ਰੂਰਤ ਸੀ ਜੋ ਕਿ ਮੌਜੂਦਾ ਸਮੇਂ ਸੰਚਾਰ ਤੇ ਆਵਾਜਾਈ ਦੇ ਵਧੀਆ ਸਾਧਨਾਂ ਸਦਕਾ ਜ਼ਰੂਰੀ ਨਹੀਂ ਕਿਉਂ ਜੋ ਅਜਿਹੀਆਂ ਫੈਕਟਰੀਆਂ ਦੇ ਨੇੜੇ ਹੀ ਕਈ ਹਸਪਤਾਲ ਅਤੇ ਨਰਸਿੰਗ ਹੋਮ ਉਪਲਬਧ ਹਨ।
ਇੱਕ ਸਰਕਾਰੀ ਬੁਲਾਰੇ ਅਨੁਸਾਰ, ਉਦਯੋਗਾਂ ਨੂੰ ਜਲਦ ਮੁੜ ਸਥਾਪਤ ਕਰਨ ਲਈ ਸਹੂਲਤ ਦੇ ਉਦੇਸ਼ ਨਾਲ ਕੀਤੀਆਂ ਇਹ ਸੋਧਾਂ ਤੋਂ ਬਾਅਦ ਵੀ ਕਿਰਤੀਆਂ ਦੀ ਆਜ਼ਾਦੀ ਅਤੇ ਹੱਕ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ।
ਇਸੇ ਦੌਰਾਨ ਉਦਯੋਗਾਂ ਨੂੰ ਸਹੂਲਤ ਦੇਣ ਦੇ ਇਰਾਦੇ ਤਹਿਤ ਸਹੂਲਤਾਂ ਅਤੇ ਚੋਟੀ ਦੀਆਂ ਤਕਨੀਕੀ ਸੰਸਥਾਵਾਂ ਕੋਲ ਮੌਜੂਦ ਮਨੁੱਖੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਲਈ ਮੰਤਰੀ ਮੰਡਲ ਨੇ 2 (ਏ) ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਅਜਿਹੀਆਂ ਸਿਖਰਲੀਆਂ ਤਕਨੀਕੀ ਸੰਸਥਾਵਾਂ ਫੈਕਟਰੀਜ਼ ਐਕਟ, 1948 ਦੀ ਧਾਰਾ 6 ਤਹਿਤ ਸਮਰੱਥ ਵਿਅਕਤੀ ਵਜੋਂ ਐਲਾਨੀਆ ਜਾਣਗੀਆਂ। ਇਸ ਸੋਧ ਨਾਲ ਪ੍ਰਸਿੱਧ ਇੰਜਨੀਅਰਿੰਗ ਸੰਸਥਾਵਾਂ ਜਿਵੇਂ ਕਿ ਪੈੱਕ ਯੂਨੀਵਰਸਿਟੀ ਆਫ ਟੈਕਨਾਲੋਜੀ, ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ, ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਸਮਰੱਥ ਵਿਅਕਤੀ ਵਜੋਂ ਐਲਾਨੀਆ ਜਾਣਗੀਆਂ। ਇਸ ਸੋਧ ਨਾਲ ਉਕਤ ਸੰਸਥਾਵਾਂ ਵੱਲੋਂ ਦਿੱਤਾ ਸਰਟੀਫਕਿੇਟ ਸਵਿਕਾਰਯੋਗ ਹੋਵੇਗਾ ਬਸ਼ਰਤੇ ਇਹ ਸਿਵਲ/ਢਾਂਚਾਗਤ ਇੰਜਨੀਅਰ ਵਿਭਾਗ ਅਤੇ ਸੰਸਥਾ ਦੇ ਮੁਖੀ ਵੱਲੋਂ ਦਸਤਖਤ ਕੀਤਾ ਹੋਵੇ।
ਇਕ ਹੋਰ ਸੋਧ ਕਰਦਿਆਂ ਕੈਬਨਿਟ ਨੇ ਕੁਝ ਤਬਦੀਲੀਆਂ ਜਿਵੇਂ ਕਿ ਦਫਤਰ ਦੀ ਉਸਾਰੀ, ਕਾਰ ਸ਼ੈੱਡ, ਬਾਹਰੀ ਦੀਵਾਰ ਆਦਿ ਦੀ ਆਗਿਆ ਫੈਕਟਰੀ ਵੱਲੋਂ ਬਿਨਾਂ ਕਿਸੇ ਅਗਾਊਂ ਪ੍ਰਵਾਨਗੀ ਦੇ ਦੇਣ ਲਈ ਨਿਯਮ 3 (ਏ) ਬਦਲਣ ਦਾ ਫੈਸਲਾ ਕੀਤਾ। ਮੌਜੂਦਾ ਸਮੇਂ ਉਦਯੋਗਿਕ ਯੂਨਿਟਾਂ ਨੂੰ ਇਮਾਰਤੀ ਯੋਜਨਾਵਾਂ ਦੀ ਵਾਰ-ਵਾਰ ਪ੍ਰਵਾਨਗੀ ਦੀ ਲੋੜ ਪੈਂਦੀ ਸੀ ਜਿਸ ਨਾਲ ਉਦਯੋਗਾਂ ਨੂੰ ਬਹੁਤ ਖੱਜਲ ਖੁਆਰੀ ਹੁੰਦੀ ਸੀ