ਅਸ਼ੋਕ ਵਰਮਾ
ਬਠਿੰੰਡਾ, 29 ਜੂਨ 2020: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੋਲਾ-ਖਾਣਾਂ ਦੇ ਮਜ਼ਦੂਰਾਂ ਦੀਆਂ ਸਮੂਹ ਟ੍ਰੇਡ ਯੂਨੀਅਨਾਂ ਦੁਆਰਾ ਦੇਸ਼ ਭਰ ਦੀਆਂ ਕੋਲਾ-ਖਾਣਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਵਿਰੁੱਧ 2,3 ਅਤੇ 4 ਜੁਲਾਈ ਨੂੰ ਕੀਤੀ ਜਾ ਰਹੀਂ ਮੁਲਕ ਪੱਧਰੀ ਹੜਤਾਲ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰ ਦੀ ਭਾਜਪਾ ਐਨ.ਡੀ.ਏ. ਸਰਕਾਰ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਸ ਵੱਲੋਂ ਕਰੋਨਾ ਸੰਕਟ ਦੀ ਆੜ ਦਾ ਨਜਾਇਜ਼ ਲਾਹਾ ਖੱਟਦਿਆਂ ਮੁਲਕ ਭਰ ਦੇ ਸਨਅਤੀ ਕਾਮਿਆਂ ਸਮੇਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸਰਕਾਰੀ, ਅਰਧਸਰਕਾਰੀ, ਠੇਕਾ ਮੁਲਾਜ਼ਮਾਂ ’ਤੇ ਨਿੱਜੀਕਰਣ ਦਾ ਕੁਹਾੜਾ ਚਲਾ ਕੇ ਰੱਤ-ਨਿਚੋੜੂ ਸੇਵਾ ਸ਼ਰਤਾਂ ਵਾਲੇ ਕਿਰਤ-ਕਾਨੂੰਨ ਅਤੇ ਖੇਤੀ ਆਰਡੀਨੈਂਸ ਠੋਸੇ ਜਾ ਰਹੇ ਹਨ।
ਉਨਾਂ ਆਖਿਆ ਕਿ ਸਰਕਾਰਾਂ ਦੇਸੀ ਵਿਦੇਸ਼ੀ ਨਿੱਜੀ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਕਰਨ ’ਚ ਜੁਟੀਆਂ ਹੋਈਆਂ ਹਨ ਜਦੋਂਕਿ ਕਿਰਤੀ ਵਰਗ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਇਸ ਤਰਾਂ ਅੱਖਾਂ ਮੀਚ ਕੇ ਸਾਮਰਾਜੀ ਕਾਰਪੋਰੇਟਾਂ ਨੂੰ ਸਾਰੇ ਕੌਮੀ ਪੈਦਾਵਾਰੀ ਸਾਧਨ ਸੌਂਪ ਕੇ ਸਮੂਹ ਕਿਰਤੀ ਕਿਸਾਨਾਂ ਦੀ ਅੰਨੀ ਲੁੱਟ ਰਾਹੀਂ ਉਹਨਾਂ ਦੀ ਖਰੀਦ ਸ਼ਕਤੀ ਖਤਮ ਕਰਨ ਭਾਵ ਪੈਦਾਵਾਰ ਦੀ ਖਪਤ ਠੱਪ ਕਰਨ ਦਾ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਉੱਤੇ ਬੇਹੱਦ ਮਾਰੂ ਅਸਰ ਪਵੇਗਾ। ਵਿਕਾਸ ਦੇ ਮਾਮਲੇ ’ਚ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਬੇਹੱਦ ਨੀਵੇਂ ਪੱਧਰ ’ਤੇ ਪਹੁੰਚੀ ਹੋਈ ਹੈ। ਇਸ ਤਰਾਂ ਮੁਕੰਮਲ ਆਰਥਿਕ ਤਬਾਹੀ ਦਾ ਜੁਗਾੜ ਬੰਨਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਬਾਹਕੁੰਨ ਪ੍ਰੋਗਰਾਮ ਵਿਰੁੱਧ ਸਮੂਹ ਕਿਰਤੀਆਂ ਕਿਸਾਨਾਂ ਦਾ ਵਿਆਪਕ ਸੰਘਰਸ਼ ਤਾਲਮੇਲ ਸਮੇਂ ਦੀ ਅਣਸਰਦੀ ਲੋੜ ਹੈ ਜਿਸ ਨੂੰ ਦੇਖਦਿਆਂ ਹੁੰਗਾਰੇ ਵਜੋਂ ਕਿਸਾਨਾਂ ਨੇ ਹੜਤਾਲੀ ਟ੍ਰੇਡ ਯੂਨੀਅਨਾਂ ਦੀਆਂ ਰੋਸ ਰੈਲੀਆਂ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।