← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ, 29 ਜੂਨ 2020: ਡੀਜ਼ਲ ਅਤੇ ਪੈਟਰੋਲ ਦੀ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਅੰਦਰ ਰੋਸ ਮੁਜ਼ਾਹਿਰੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵੀ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਜਿੱਥੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕੇਂਦਰ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਰੋਸ ਮੁਜ਼ਾਹਿਰੇ ਦੀ ਅਗਵਾਈ ਕਰ ਰਹੇ ਗੁਰਦਾਸਪੁਰ ਦੇ ਵਿਧਾਇਕ ਪਾਹੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਤੇਲ ਦੀਆਂ ਕੀਮਤਾਂ ਵਧਾ ਕੇ ਦੇਸ਼ ਦੀ ਜਨਤਾ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਜਿਵੇਂ ਰੇਲਵੇ, ਏਅਰ ਇੰਡੀਆ ਅਤੇ ਏਅਰਪੋਰਟ ਆਦਿ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਦੇਸ਼ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਨੂੰ ਇਸੇ ਤਰਾਂ ਚਲਾਉਣਾ ਹੈ ਤਾਂ ਮੌਜੂਦਾ ਕੇਂਦਰ ਸਰਕਾਰ ਦੀ ਕੋਈ ਲੋੜ ਨਹੀਂ। ਕਿਉਂ ਕਿ ਦੇਸ਼ ਦੀ ਜਾਇਦਾਦ ਵੇਚ ਕੇ ਤਾਂ ਕੋਈ ਵੀ ਦੇਸ਼ ਚਲਾ ਸਕਦਾ ਹੈ। ਅਖੀਰ ਵਿੱਚ ਵਿਧਾਇਕ ਪਾਹੜਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਜਲਦ ਹੀ ਤੇਲ ਦੀਆਂ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਕਾਂਗਰਸ ਪਾਰਟੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ।
Total Responses : 266