ਅਸ਼ੋਕ ਵਰਮਾ
ਬਠਿੰਡਾ, 29 ਜੂਨ 2020: ਬਠਿੰਡਾ ਸ਼ਹਿਰੀ ਕਾਂਗਰਸ ਵੱਲੋ ਕੇਂਦਰ ਸਰਕਾਰ ਖਿਲਾਫ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਅੱਜ ਇੱਥੇ ਰੋਸ-ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਰੁਣ ਵਧਾਵਨ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕਰਦਿਆਂ ਇਸ ਨੰੂ ਆਮ ਲੋਕਾਂ ਦੀ ਪ੍ਰਵਾਹ ਨਾ ਕਰਨ ਵਾਲੀ ਸਰਕਾਰ ਐਲਾਨਿਆ। ਉਨਾਂ ਕਿਹਾ ਕਿ ਇੱਕ ਪਾਸੇ ਲੋਕ ਕੋਰੋਨਾ ਮਹਾਂਮਾਰੀ ਤੋਂ ਤਰਾਹ-ਤਰਾਹ ਕਰ ਰਹੇ ਹਨ, ਦੂਜੇ ਪਾਸੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੰਚ ਅਥਾਹ ਵਾਧਾ ਕਰਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਸ੍ਰੀ ਵਧਾਵਨ ਨੇ ਕੇਂਦਰ ਸਰਕਾਰ ਨੰੂ ਲੋਟੂ ਸਰਕਾਰ ਦੱਸਿਆ ਕਿਹਾ ਕਿ ਇਸ ਸਰਕਾਰ ਕੋਲ ਕਦੇ ਵੀ ਆਮ ਲੋਕਾਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।
ਉਨਾਂ ਕਾਂਗਰਸ ਦੀ 2004 ਸਮੇਂ ਦੀ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਦੱਸਿਆ ਕਿਹਾ ਕਿ ਉਸ ਸਮੇਂ ਪੈਟਰੋਲ ਦਾ ਰੇਟ 35 ਰੁਪਏ ਅਤੇ ਡੀਜ਼ਲ ਦਾ 22 ਰੁਪਏ ਸੀ ਜਦ ਕਿ ਉਸ ਸਮੇਂ ਕੱਚੇ ਤੇਲ ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਸੀ। ਹੁਣ ਜਦ 40 ਡਾਲਰ ਤੋਂ ਵੀ ਘੱਟ ਰੇਟ ਤੇ ਕੱਚਾ ਤੇਲ ਮਿਲ ਰਿਹਾ ਹੈ ਤਾਂ ਮੋਦੀ ਸਰਕਾਰ ਰੇਟ ਵਧਾ ਕੇ ਲੋਕਾਂ ਦੀ ਲੁੱਟ ਕਰ ਰਹੀ ਹੈ। ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਤੇਲ ਦੇ ਰੇਟ ਵਧਾ ਕੇ ਲੋਕਾਂ ਦੀ ਖੂਬ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਅਤੇ ਤੇਲ ਕੰਪਨੀਆਂ ਨਾਲ ਮਿਲ ਕੇ ਤੇਲ ਦੇ ਰੇਟ ਲਗਾਤਾਰ ਵਧਾਏ ਜਾ ਰਹੇ ਹਨ। ਉਨਾਂ ਕੇਂਦਰ ਸਰਕਾਰ ਨੰੂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਤੇਲ ਦੇ ਰੇਟ ਨਾ ਘਟਾਏ ਤਾਂ ਕਾਂਗਰਸ ਪਾਰਟੀ ਵੱਲੋਂ ਜਨ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਕੇਕੇ ਅਗਰਵਾਲ, ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਮੋਹਨ ਲਾਲ ਝੂੰਬਾ, ਪਵਨ ਮਾਨੀ, ਟਹਿਲ ਸਿੰਘ ਸੰਧੂ, ਰਾਜ ਨੰਬਰਦਾਰ, ਰਾਜਨ ਗਰਗ , ਅਨਿਲ ਭੋਲਾ, ਗੁਰਇਕਬਾਲ ਸਿੰਘ ਚਹਿਲ, ਅਤੇ ਰਤਨ ਰਾਹੀ, ਆਦਿ ਵੀ ਹਾਜਰ ਸਨ।