31 ਸਾਲ ਤੋਂ ਕਰ ਚੁੱਕੇ ਨੇ ਵੱਖ ਵੱਖ ਅਹੁੱਦਿਆਂ ਤੇ ਸੇਵਾ
ਲ਼ਹਿਰਾ ਮੁਹੱਬਤ 02 ਜੁਲਾਈ 2020: ਸ਼੍ਰੀ ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਵੀਰਵਾਰ ਨੂੰ ਚੀਫ ਇੰਜੀਨੀਅਰ ਬਲਵੰਤ ਕੁਮਾਰ ਨੇ ਜੁਆਇਨ ਕਰ ਲਿਆ ਹੈ। ਸ਼੍ਰੀ ਬਲਵੰਤ ਕੁਮਾਰ ਆਪਣੀ 31 ਸਾਲ ਦੀ ਸਰਵਿਸ ਦੋਰਾਨ ਵੱਖ ਵੱਖ ਅਹੁੱਦਿਆਂ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ।
ਜਿਲ੍ਹਾ ਨਵਾਂ ਸ਼ਹਿਰ ਵਿਖੇ 23 ਮਈ 1965 ਨੂੰ ਸ੍ਰੀ ਹਜ਼ਾਰਾਂ ਰਾਮ ਦੇ ਘਰ ਜਨਮ ਲੈਣ ਵਾਲੇ ਬਲਵੰਤ ਕੁਮਾਰ ਨੇ ਆਪਣੀ ਡਿਗਰੀ ਗੁਰੂ ਨਾਨਕ ਇੰਨਜੀਨੀਅਰਿੰਗ ਕਾਲਜ (GNE) ਲੁਧਿਆਣਾ ਤੋਂ ਸਾਲ 1988 ਵਿੱਚ ਇੰਜਨੀਅਰਿੰਗ ਪੂਰੀ ਕਰਨ ਉਪਰੰਤ ਬਤੋਰ ਏ.ਈ.( ਪੀ ਐਂਡ ਐਮ) ਨਵਾਂ ਸ਼ਹਿਰ ਵਿਖੇ ਸਾਲ 1989 ਨੂੰ ਬਿਜ਼ਲੀ ਵਿਭਾਗ ਵਿੱਚ ਆਪਣੀ ਪਹਿਲੀ ਜੁਆਇਨਿੰਗ ਕੀਤੀ।ਇਸ ਤੋਂ ਬਾਅਦ ਹੁਣ ਤੱਕ ਬਿਜ਼ਲੀ ਵਿਭਾਗ ਦੇ ਵੱਖ ਵੱਖ ਅਹੁੱਦਿਆਂ ਤੇ ਆਪਣੀ 31 ਸਾਲ ਦੀ ਸੇਵਾ ਨਿਭਾਉਣ ਉਪਰੰਤ ਬਤੋਰ ਚੀਫ ਇੰਜੀਨੀਅਰ ਸ਼੍ਰੀ ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਬਠਿੰਡਾ ਵਿਖੇ ਜੁਆਇਨ ਕੀਤਾ ਹੈ। ਇਸ ਤੋਂ ਪਹਿਲਾ ਸ੍ਰੀ ਬਲਵੰਤ ਕੁਮਾਰ ਜੀ ਪਟਿਆਲਾ ਵਿਖੇ ਬਤੋਰ ਨਿਗਰਾਨ ਇੰਜੀਨੀਅਰ (ਵੰਡ) ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਚੀਫ ਇੰਜੀਨੀਅਰ ਨੇ ਆਪਣਾ ਅਹੁੱਦਾ ਸੰਭਾਲਣ ਉਪਰੰਤ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਜੂਦਾ ਸਮੇਂ ਦੋਰਾਨ ਚੱਲ ਰਹੇ ਕੋਰਾਨਾ ਵਾਇਰਸ ਦੇ ਪ੍ਰਕੋਪ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੇ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਕਰੋਨਾ ਵਾਇਰਸ ਖਿਲਾਫ ਲੜਾਈ ਲੜਨ ਵਿੱਚ ਯੋਗਦਾਨ ਪਾਉਣ। ਇਸ ਤੋਂ ਇਲਾਵਾ ਚੀਫ ਇੰਜੀਨੀਅਰ ਬਲਵੰਤ ਕੁਮਾਰ ਨੇ ਸ਼੍ਰੀ ਗੁਰੁ ਹਰਗੋਬਿੰਦ ਥਰਮਲ ਪਲਾਂਟ ਨੇ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਸਿਹਤ ਦਾ ਖਿਆਲ ਰੱਖਣ।ਉਨ੍ਹਾਂ ਕਿਹਾ ਕਿ ਉਹ ਪਹਿਲਾ ਦੀ ਤਰ੍ਹਾਂ ਹੀ ਆਪਣੇ ਵਿਭਾਗ ਪ੍ਰਤੀ ਇਮਾਨਦਾਰੀ ਤੇ ਮਿਹਨਤ ਨਾਲ ਆਪਣੀ ਸੇਵਾ ਨਿਭਾਉਣਗੇ। ਉਨ੍ਹਾਂ ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਥਰਮਲ ਪਲਾਂਟ ਚਲਾਉਣ ਦੇ ਆਦੇਸ਼ ਮਿਲੇ ਤਾਂ ਉਹ ਤੁਰੰਤ ਵਿਭਾਗ ਦੇ ਆਦੇਸ਼ਾਂ ਤੇ ਅਮਲ ਕਰਨ।ਇਸ ਮੌਕੇ ਡਿਪਟੀ ਚੀਫ ਇੰਜਨੀਅਰ ਦਵਿੰਦਰ ਪਾਲ ਗਰਗ, ਡਿਪਟੀ ਚੀਫ ਇੰਜਨੀਅਰ ਮੱਸਾ ਸਿੰਘ, ਨਿਗਰਾਨ ਇੰਜਨੀਅਰ ਨੰਦ ਲਾਲ,ਨਿਗਰਾਨ ਇੰਜੀਨੀਅਰ ਰਜਿੰਦਰ ਕੁਮਾਰ ਸਿੰਗਲਾ, ਨਿਗਰਾਨ ਇੰਜੀਨੀਅਰ ਰਣਧੀਰ ਸਿੰਘ, ਨਿਗਰਾਨ ਇੰਜੀਨੀਅਰ ਜੀਵਨ ਦੀਪ ਸਿੰਘ ਧਾਲੀਵਾਲ ਅਤੇ ਲੇਖਾ ਅਫਸਰ ਭਾਰਤ ਭੂਸ਼ਣ ਪ੍ਰਾਸ਼ਰ ਪੀ.ਆਰ.ਓ. ਗੋਪਾਲ ਸ਼ਰਮਾ ਮੋਜੂਦ ਸਨ।