ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 22 ਅਪ੍ਰੈਲ 2020 - ਨਿਊਜ਼ੀਲੈਂਡ ਸਿੱਖ ਖੇਡਾਂ ਕਰਵਾਉਣ ਵਾਲੀ ਸੰਸਥਾ ਨੂੰ ਨਿਊਜ਼ੀਲੈਂਡ ਸਰਕਾਰ ਵੱਲੋਂ 'ਇਸ਼ੈਂਸ਼ੀਅਲ' ਸ਼੍ਰੇਣੀ ਦੇ ਵਿਚ ਰੱਖਣ ਬਾਅਦ ਇਸ ਦੀਆਂ ਸਰਗਰਮੀਆਂ ਵਧ ਗਈਆਂ ਹਨ। ਕਰੋਨਾ ਵਾਇਰਸ ਅਤੇ ਦੇਸ਼ ਦੇ ਵਿਚ ਲਾਕ ਡਾਊਨ ਚਲਦਿਆਂ ਵੱਖ-ਵੱਖ ਥਾਵਾਂ ਉਤੇ ਲੋੜਵੰਦਾਂ ਨੂੰ ਵੱਖ-ਵੱਖ ਭਾਰਤੀ ਤੇ ਹੋਰ ਅਦਾਰਿਆਂ ਵੱਲੋਂ ਸਹਾਇਤਾ ਹਿੱਤ ਸੁੱਕਾ ਰਾਸ਼ਣ, ਫਲ, ਦੁੱਧ, ਬ੍ਰੈਡ ਅਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕਾਂ ਨੇ 'ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ' ਦੇ ਸਹਿਯੋਗ ਨਾਲ ਅੱਜ ਟੌਰੰਗਾ ਵਿਖੇ ਬਾਅਦ ਦੁਪਹਿਰ 2 ਵਜੇ ਤੋਂ 4 ਵਜੇ ਤੱਕ 'ਫ੍ਰੀ ਫੂਡ' ਡ੍ਰਾਈਵ ਦੇ ਰਾਹੀਂ ਸੈਂਕੜੇ ਲੋੜਵੰਦਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ। ਇਸ ਸਾਮਨ ਦੇ ਵਿਚ ਸਬਜ਼ੀਆਂ, ਅੰਡੇ, ਫਲ, ਬਰੈਡ, ਦੁੱਧ, ਬੀਨਜ ਦੇ ਕੈਨ ਅਤੇ ਹੋਰ ਸਾਮਾਨ ਸੀ। ਇਸ ਮੌਕੇ ਜਿੱਥੇ ਸ਼ੋਸ਼ਲ ਫਾਸਲਾ ਬਣਾਇਆ ਗਿਆ ਅਤੇ ਸਰਕਾਰੀ ਨਿਯਮਾਂ ਦਾ ਪਾਲਣ ਵੀ ਕੀਤਾ ਗਿਆ। ਲਗਪਗ 800 ਤੋਂ ਵੱਧ ਫੂਡ ਪਾਰਸਲ ਵੰਡੇ ਗਏ। ਟੌਰੰਗਾ ਦੇ ਹਸਪਤਾਲ ਦੇ ਵਿਚ ਵੀ ਕੁਝ ਮਰੀਜਾਂ ਨੂੰ ਵੀ ਲੋੜ ਅਨੁਸਾਰ ਸਾਮਾਨ ਪਹੁੰਚਾਇਆ ਗਿਆ। ਨਿਊਜ਼ੀਲੈਂਡ ਸਿੱਖ ਗਮੇਜ਼ਅਤੇ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਵੱਲੋਂ ਆਏ ਸਾਰੇ ਵਲੰਟੀਅਰਜ਼, ਕਲੱਬ ਦੇ ਮੈਂਬਰਾਂ ਅਤੇ ਸਿੱਖ ਗੇਮਾਂ ਦੇ ਪ੍ਰਬੰਧਕਾਂ ਦਾ ਧੇਨਵਾਦ ਕੀਤਾ ਗਿਆ। ਇਹ ਸਾਰਾ ਖਰਚਾ ਕਲੱਬ ਦੇ ਮੈਂਬਰਾਂ ਨੇ ਆਪਸੀ ਸਹਿਯੋਗ ਦੇ ਨਾਲ ਕੀਤਾ। ਲੋੜਵੰਦ ਪਰਿਵਾਰਾਂ ਨੇ ਵੀ ਵਾਪਿਸੀ ਫੋਨ ਕਰਕੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਸਾਰੇ ਵਰਤਾਰੇ ਦੇ ਵਿਚ ਸ਼ਬਦ 'ਥੈਂਕਸ' ਦੀ ਅਹਿਮ ਮਹਾਨਤਾ ਰਹੀ ਅਤੇ ਸਥਾਨਕ ਲੋਕਾਂ ਨੇ ਇਕ ਵਾਰ ਨਹੀਂ ਕਈ-ਕਈ ਵਾਰ ਧੰਨਵਾਦ ਕੀਤਾ।