ਅੰਮ੍ਰਿਤਸਰ : ਅਦਾਲਤ 'ਚ ਪੇਸ਼ ਕੀਤਾ ਮੁਲਜ਼ਮ ਆਇਆ ਪਾਜ਼ੀਟਿਵ, 20 ਜਣੇ ਜਾ ਸਕਦੇ ਹਨ ਇਕਾਂਤਵਾਸ ਵਿਚ
ਅੰਮ੍ਰਿਤਸਰ, 10 ਮਈ, 2020 : ਅੰਮ੍ਰਿਤਸਰ ਵਿਚ ਇਕ ਮੁਲਜ਼ਮ ਨੂੰ ਦੋ ਵਾਰ ਇਥੇ ਵੱਖ ਵੱਖ ਅਦਾਲਤਾਂ ਵਿਚ ਪੇਸ਼ ਕੀਤੇ ਜਾਣ ਮਗਰੋਂ ਉਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ ਹੈ ਜਿਸ ਮਗਰੋਂ ਅਦਾਲਤ ਵਿਚ ਹਾਜ਼ਰ ਜੱਜ, ਰੀਡਰ, ਵਕੀਲ ਤੇ ਹੋਰ ਸਟਾਫ ਦੇ 20 ਜਣੇ ਇਕਾਂਤਵਾਸ ਵਿਚ ਭੇਜੇ ਜਾ ਸਕਦੇ ਹਨ ।
ਅੰਮ੍ਰਿਤਸਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਲਜਿੰਦਰ ਸਿੰਘ ਨੇ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਹ ਦੱਸਿਆ ਹੈ ਕਿ ਮੁਲਜ਼ਮ ਪ੍ਰਤਾਪ ਸਿੰਘ ਨੂੰ 6 ਅਤੇ 8 ਮਈ ਨੂੰ ਕ੍ਰਮਵਾਰ ਅਭੈ ਰੰਜਨ ਸ਼ੁਕਲਾ ਤੇ ਅਰਜੁਨ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਲਈ ਦੋਵੇਂ ਦਿਨ ਅਦਾਲਤ ਵਿਚ ਹਾਜ਼ਰ ਵਿਅਕਤੀਆਂ ਦੀ ਸੂਚੀ ਨਾਲ ਭੇਜ ਕੇ ਕੋਰੋਨਾ ਪ੍ਰੋਟੋਕੋਲ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਤੈਅ ਨਿਯਮਾਂ ਮੁਤਾਬਕ ਅਦਾਲਤ ਵਿਚ ਹਾਜ਼ਰ 20 ਦੇ ਕਰੀਬ ਵਿਅਕਤੀਆਂ ਨੂੰ ਹੁਣ ਇਕਾਂਤਵਾਸ ਵਿਚ ਭੇਜਿਆ ਜਾ ਸਕਦਾ ਹੈ।