ਪਰਵਿੰਦਰ ਸਿੰਘ ਕੰਧਾਰੀ
- ਜਿਲ੍ਹਾ ਪ੍ਰਸ਼ਾਸਨ ਵੱਲੋਂ ਉਪਰੋਕਤ ਤਿੰਨਾ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ
- ਨਸ਼ਾ ਛੱਡਣ ਵਾਲੇ ਨੌਜਵਾਨ ਹੋਰਨਾਂ ਲਈ ਵੀ ਬਣਨਗੇ ਪ੍ਰੇਰਨਾ ਸਰੋਤ-ਡਾ. ਮਨਦੀਪ ਕੌਰ
ਜੈਤੋ/ਫਰੀਦਕੋਟ, 13 ਮਈ - ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ/ਲਾਕਡਾਊਨ ਦੌਰਾਨ ਦੂਜੇ ਸੂਬਿਆਂ ਤੋਂ ਰਾਜ/ਜਿਲ੍ਹਿਆਂ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀਆਂ ਕੋਸ਼ਿਸ਼ਾਂ ਸਦਕਾ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਰਾਜਸਥਾਨ ਦੇ ਜਮਸ਼ੇਦਪੁਰ ਅਤੇ ਹੋਰ ਥਾਵਾਂ ਤੋਂ ਵਾਪਸ ਫਰੀਦਕੋਟ ਲਿਆਂਦਾ ਗਿਆ ਸੀ ਅਤੇ ਇਨ੍ਹਾਂ ਨੂੰ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਬਣਾਏ ਇਕਾਂਤਵਾਸ ਕੇਂਦਰਾਂ ਵਿੱਚ ਇਕਾਂਤ ਕੀਤਾ ਗਿਆ ਸੀ।
ਇਨ੍ਹਾਂ ਵਿਚੋਂ ਸਮੇਂ ਸਮੇਂ ਤੇ ਟੈਸਟ ਰਿਪੋਰਟ ਆਉਣ ਉਪਰੰਤ ਕੋਰੋਨਾ ਦੇ ਨੈਗਟਿਵ ਰਿਪੋਰਟਾਂ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ 14ਦਿਨ ਹੋਰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅੱਜ ਜੈਤੋ ਸਬ ਡਵੀਜਨ ਦੇ ਬਾਜਾਖਾਨਾ ਦੇ ਦਸ਼ਮੇਸ਼ ਸਕੂਲ ਵਿਚੋਂ ਅਜਿਹੇ 98 ਮਜ਼ਦੂਰਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ਕਾਰਨ ਉਨ੍ਹਾਂ ਨੂੰ ਘਰ ਜਾਣ ਦੀ ਇਜ਼ਾਜਤ ਦਿੱਤੀ ਗਈ।
ਇਸ ਇਕਾਂਤਵਾਸ ਦੌਰਾਨ ਜਿਲ੍ਹੇ ਦੇ 3 ਨੌਜਵਾਨਾਂ ਨਿਰੰਜਨਜੀਤ ਸਿੰਘ, ਸਵਰਨ ਸਿੰਘ ਅਤੇ ਸਤਪਾਲ ਸਿੰਘ ਨੇ ਐਸ.ਡੀ.ਐਮ. ਡਾ. ਮਨਦੀਪ ਕੌਰ, ਵਿਜੇ ਕੁਮਾਰ ਹੈੱਡ ਮਾਸਟਰ ਅਤੇ ਆਤਮਾ ਸਿੰਘ ਟੀਚਰ ਆਦਿ ਦੀ ਪ੍ਰੇਰਨਾ ਅਤੇ ਕਾਊਸਲਿੰਗ ਸਕਦਾ ਅੱਗੇ ਤੋਂ ਨਸ਼ਿਆਂ ਦਾ ਤਿਆਗ ਕਰਨ ਦਾ ਪ੍ਰਣ ਲਿਆ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੋਜਵਾਨਾਂ ਨੇ ਇਹ ਵੀ ਪ੍ਰਣ ਕੀਤਾ ਕਿ ਉਹ ਹੋਰ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਗੇ।
ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ ਨੇ ਕਿਹਾ ਕਿ 2 ਅਧਿਆਪਕਾਂ ਅਤੇ ਇਨ੍ਹਾਂ ਨੌਜਵਾਨਾਂ ਵੱਲੋਂ ਵਿਖਾਈ ਰੁੱਚੀ ਕਾਰਨ ਇਨ੍ਹਾਂ ਨਾਲ ਲਗਾਤਾਰ ਕਾਊਸਲਿੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਹੁਣ ਇਹ ਨੋਜਵਾਨ ਨਸ਼ਿਆਂ ਤੋਂ ਬਿਨਾ ਰਹਿ ਰਹੇ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਅੱਜ ਘਰ ਜਾਣ ਸਮੇਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਤਿੰਨਾ ਨੋਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਹ ਤਿੰਨ ਨੋਜਵਾਨ ਜਿਲ੍ਹੇ ਦੇ ਅਤੇ ਰਾਜ ਦੇ ਹੋਰਨਾਂ ਲੋਕਾਂ ਲਈ ਵੀ ਮਿਸਾਲ ਬਣਨਗੇ।ਇਨ੍ਹਾਂ ਨੌਜਵਾਨਾਂ ਨੇ ਜਿਲ੍ਹਾ ਪ੍ਰਸ਼ਾਸਨ/ਪੰਜਾਬ ਸਰਕਾਰ ਵੱਲੋਂ ਇਕਾਂਤਵਾਸ ਕੇਂਦਰਾਂ ਵਿੱਚ ਕੀਤੇ ਗਏ ਵਧੀਆ ਪ੍ਰਬੰਧਾਂ ਦੀ ਪ੍ਰਸੰਸ਼ਾ ਕੀਤੀ ਤੇ ਇਹ ਪਹਿਲੇ ਥੋੜੇ ਬਹੁਤ ਨਸ਼ੇ ਕਰਦੇ ਸਨ, ਪਰ ਹੁਣ ਉਨ੍ਹਾਂ ਨੇ ਅਧਿਆਪਕਾਂ ਅਤੇ ਐਸ.ਡੀ.ਐਮ. ਡਾ. ਮਨਦੀਪ ਕੌਰ ਦੀ ਪ੍ਰੇਰਨਾ ਸਦਕਾ ਇਨ੍ਹਾਂ ਦਾ ਸਦਾ ਲਈ ਤਿਆਗ ਕਰ ਦਿੱਤਾ ਹੈ।
ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਹੀਰਾਵੰਤੀ, ਵਿਜੇ ਕੁਮਾਰ ਹੈੱਡ ਮਾਸਟਰ, ਆਤਮਾ ਸਿੰਘ ਟੀਚਰ ਸਮੇਤ ਹੋਰ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।