ਅਹਿਮਦਾਬਾਦ, 6 ਅਗਸਤ 2020 - ਗੁਜਰਾਤ ਦੇ ਅਹਿਮਦਾਬਾਦ ਦੇ ਇੱਕ ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ ਜਿਸ ਦੀ ਲਪੇਟ 'ਚ ਆਉਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ 35 ਮਰੀਜ਼ਾਂ ਨੂੰ ਦੂਸਰੇ ਹਸਪਤਾਲ 'ਚ ਰੈਫ਼ਰ ਕੀਤਾ ਗਿਆ ਅਤੇ ਇੱਕ ਪੈਰਾ ਮੈਡੀਕਲ ਸਟਾਫ ਮੈਂਬਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ।
ਇਹ ਅੱਗ ਅੱਜ ਸਵੇਰੇ 3 ਵਜੇ ਦੇ ਕਰੀਬ ਲੱਗੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਿਸ ਸਮੇਂ ਹਸਪਤਾਲ ਨੂੰ ਅੱਗ ਲੱਗੀ ਉਸ ਸਮੇਂ ਪੂਰੇ ਹਸਪਤਾਲ 'ਚ ਕੋਰੋਨਾ ਦੇ 49 ਮਰੀਜ਼ ਦਾਖਲ ਸਨ ਜਿਨ੍ਹਾਂ 'ਚੋਂ 10 ਮਰੀਜ਼ ਆਈ ਸੀ ਯੂ 'ਚ ਸਨ। ਇਸ ਭਿਆਨ ਅੱਗ ਦੇ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ।
ਅੱਗ ਲੱਗਣ ਦੀ ਖਬਰ ਪਤਾ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਅੱਗ ਦੀ ਲਪੇਟ 'ਚ ਆਉਣ ਕਾਰਨ 8 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਨੇ ਕਿਹਾ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਅਹਿਮਦਾਬਾਦ ਦੇ ਸ਼੍ਰੇਅ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੰਗੀਤਾ ਸਿੰਘ, ਵਧੀਕ ਮੁੱਖ ਸਕੱਤਰ (ਗ੍ਰਹਿ ਵਿਭਾਗ) ਜਾਂਚ ਦੀ ਅਗਵਾਈ ਕਰਨਗੇ ਅਤੇ ਮੁੱਖ ਮੰਤਰੀ ਨੇ 3 ਦਿਨਾਂ ਦੇ ਅੰਦਰ-ਅੰਦਰ ਇਸ ਘਟਨਾ ਦੀ ਰਿਪੋਰਟ ਮੰਗੀ ਹੈ।