ਫਿਰੋਜ਼ਪੁਰ 17 ਸਤੰਬਰ 2020 : ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੋਰੋਨਾ ਚੋਰ ਮਰੀਜ਼ ਸਤਨਾਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕਬਰ ਵੱਛਾ ਫਰਾਰ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਉਸ ਨੂੰ ਚੋਰੀ ਦੇ ਇਕ ਮਾਮਲੇ ਵਿਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਦੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜੇਟਿਵ ਨਿਕਲਿਆ, ਜਿਸ ਦੇ ਬਾਅਦ ਪੁਲਿਸ ਵੱਲੋਂ ਉਸ ਨੂੰ ਪਿੰਡ ਹਕੂਮਤ ਵਾਲਾ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ, ਜਿਥੋਂ ਉਸ ਨੂੰ ਬਾਅਦ ਵਿਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਗਿਆ। ਉਕਤ ਚੋਰ ਬੀਤੀ ਦੇਰ ਰਾਤ ਆਈਸੋਲੇਸ਼ਨ ਵਾਰਡ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਨੇ ਪਹਿਲਾ ਐਸੋਸੀਏਸ਼ਨ ਵਾਰਡ ਦੇ ਬੈੱਡ ਦੇ ਉਪਰ ਜੋ ਚਾਦਰਾਂ ਵਿਛਾਈਆਂ ਹੋਈਆਂ ਸਨ, ਪਹਿਲਾਂ ਉਕਤ ਚਾਦਰਾਂ ਨੂਂੰ ਬੰਨ੍ਹ ਕੇ ਖਿੜਕੀ ਦੇ ਨਾਲ ਲਟਕਾ ਦਿੱਤਾ ਅਤੇ ਫਿਰ ਉਸੇ ਖਿੜਕੀ ਦੇ ਰਸਤੇ ਵਿਚੋਂ ਭੱਜਣ ਵਿਚ ਸਫਲ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਆਈਸੋਲੇਸ਼ਨ ਵਾਰਡ ਦੇ ਨੇੜੇ ਕੋਈ ਵੀ ਪੁਲਿਸ ਕਰਮਚਾਰੀ ਜਾਂ ਕੋਈ ਵਿਅਕਤੀ ਨਹੀਂ ਜਾ ਸਕਦਾ ਹੈ ਅਤੇ ਜੋ ਗਾਰਡ ਲੱਗੇ ਹੋਏ ਹਨ, ਉਹ ਸਿਵਲ ਹਸਪਤਾਲ ਦੇ ਮੇਨ ਗੇਟ ਤੇ ਲੱਗੇ ਹੋਏ ਹਨ, ਜਦਕਿ ਇਹ ਵਿਅਕਤੀ ਆਈਸੋਲੇਸ਼ਨ ਵਾਰਡ ਦੇ ਪਿੱਛੇ ਦੇ ਰਸਤੇ ਵਿਚੋਂ ਨਿਕਲਣ ਵਿਚ ਕਾਮਯਾਬ ਹੋਇਆ ਹੈ। ਪੁਲਿਸ ਵੱਲੋਂ ਇਸ ਚੋਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।