ਆਤਮਾ ਦੀ ਆਵਾਜ਼ ਨਾਲ ਕਿਰਦਾਰ ਦੇਖ ਕੇ ਹੀ ਪਾਉਣਗੇ ਵੋਟ ਵੋਟਰ : ਸ਼ਰਮਾ
- ਅਕਾਲੀ ਦਲ ਉਮੀਦਵਾਰ ਨੇ ਲੋਕ ਸਭਾ ਹਲਕਾ ਵਾਸੀਆਂ ਦੇ ਨਾਮ ਕੀਤੀ ਅਪੀਲ
ਜਗਤਾਰ ਸਿੰਘ
ਪਟਿਆਲਾ 31 ਮਈ 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਪਟਿਆਲਾ ਸੰਸਦੀ ਖੇਤਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲੀ ਜੂਨ ਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਉਮੀਦਵਾਰ ਦਾ ਕਿਰਦਾਰ ਜ਼ਰੂਰ ਦੇਖਣ ਅਤੇ ਆਪਣੀ ਆਤਮਾ ਦੀ ਆਵਾਜ਼ ਨਾਲ ਵੋਟ ਪਾਉਣ।
ਐਨ.ਕੇ.ਸ਼ਰਮਾ ਨੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਹਲਕੇ ਦੇ ਕਈ ਪਿੰਡਾਂ ਵਿੱਚ ਘਰ-ਘਰ ਜਾ ਕੇ ਸੰਪਰਕ ਕੀਤਾ ਅਤੇ ਪੋਲਿੰਗ ਬੂਥਾਂ 'ਤੇ ਬੈਠਣ ਵਾਲੇ ਬੂਥ ਏਜੰਟਾਂ ਨਾਲ ਮੀਟਿੰਗ ਕੀਤੀ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਹੈ। ਪ੍ਰਚਾਰ ਦੌਰਾਨ ਉਹ ਜਿਸ ਵੀ ਪਿੰਡ ਵਿਚ ਗਏ, ਉਥੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ। ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਘਨੌਰ, ਸਨੌਰ, ਸ਼ੁਤਰਾਣਾ, ਰਾਜਪੁਰਾ, ਡੇਰਾਬੱਸੀ, ਨਾਭਾ ਅਤੇ ਸਮਾਣਾ ਹਲਕਿਆਂ ਵਿੱਚ ਲੋਕਾਂ ਨੇ ਦਿਲ ਖੋਲ੍ਹ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ।
ਸ਼ਰਮਾ ਨੇ ਕਿਹਾ ਕਿ 1 ਜੂਨ ਨੂੰ ਫੈਸਲਾਕੁੰਨ ਘੜੀ ਆ ਗਈ ਹੈ ਜਦੋਂ ਵੋਟਰਾਂ ਨੇ ਆਪਣੀ ਜ਼ਮੀਰ ਨਾਲ ਵੋਟ ਪਾਉਣ ਦਾ ਫੈਸਲਾ ਕਰਨਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ ਬਦਲਾਅ ਦੇ ਨਾਮ ’ਤੇ ਕਿਰਦਾਰ ਦੇਖਦੇ ਹੋਏ ਆਪਣੀ ਆਤਮਾ ਦੀ ਆਵਾਜ਼ ਨਾਲ ਇੱਕ ਵਾਰ ਦਿਹਾਤੀ ਖੇਤਰ ਵਿੱਚੋਂ ਉੱਠੇ ਨੌਜਵਾਨ ਨੂੰ ਮੌਕਾ ਦੇ ਕੇ ਲੋਕ ਸਭਾ ਵਿੱਚ ਭੇਜਣ, ਉਨ੍ਹਾਂ ਦੀਆਂ ਘੱਗਰ ਦਰਿਆ ਸਮੇਤ ਸਾਰੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ।