ਆਧੁਨਿਕ ਤਕਨੀਕ ਨਾਲ ਘਰ ਬੈਠੇ ਸਿੱਖਿਆ ਦੇਣ 'ਚ ਮੋਹਰੀ ਰੋਲ ਅਦਾ ਕਰ ਰਹੇ ਨੇ ਅਧਿਆਪਕ
ਯੂ-ਟਿਊਬ ਰਾਹੀਂ ਸਿੱਖਿਆ ਦੇਣ ਚ ਹਰ ਸਕੂਲ ਦਾ ਵੱਡਾ ਉਪਰਾਲਾ
ਅਸ਼ੋਕ ਵਰਮਾ
ਮਾਨਸਾ, 15ਅਪ੍ਰੈਲ, 2020 : ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਿਆਂ ਚ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਅਧਿਆਪਕ ਬੱਚਿਆਂ ਨੂੰ ਘਰ ਬੈਠੇ ਹੀ ਸਿੱਖਿਆ ਦੇਣ ਚ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਨ ਲਾਈਨ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਅਧਿਆਪਕ ਜਿੱਥੇ ਮੋਬਾਇਲ ਜ਼ੂਮ ਐਪ, ਵਟਸ ਐਪ ਅਤੇ ਬੱਚਿਆਂ ਨੂੰ ਪੀ.ਡੀ.ਐਫ. ਫਾਇਲਾਂ ਭੇਜ ਕੇ ਵੀਡੀਓ ਮੀਟਿੰਗਾਂ ਰਾਹੀਂ ਬੱਚਿਆਂ ਦੇ ਰੂ ਬ ਰੂ ਹੋ ਰਹੇ ਹਨ, ਉੱਥੇ ਯੂ-ਟਿਊਬ ਰਾਹੀਂ ਵੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਵਿਖਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਅਰੁਣ ਗਰਗ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਅਤੇ ਯਤਨਾਂ ਤਹਿਤ ਵਿਦਿਆਰਥੀਆਂ ਲਈ ਹੁਣ ਗਣਿਤ ਵਰਗੇ ਅਹਿਮ ਵਿਸ਼ੇ ਅਤਿ ਰੋਚਕ ਤੇ ਸੌਖੇ ਹੋ ਗਏ ਹਨ। ਗਣਿਤ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਉਣ ਲਈ ਉਹਨਾਂ ਨੇ 90 ਦੇ ਲੱਗਭੱਗ ਯੂ-ਟਿਊਬ ਵੀਡੀਓ ਬਣਾ ਕੇ ਬੱਚਿਆਂ ਦੇ ਸਪੁਰਦ ਕਰ ਦਿੱਤੀਆਂ ਹਨ ਜਿਸ ਨਾਲ ਵਿਦਿਆਰਥੀ ਸੌਖੇ ਤਰੀਕੇ ਨਾਲ ਬਿਨਾਂ ਕਿਸੇ ਅਧਿਆਪਕ ਦੀ ਮੱਦਦ ਨਾਲ ਘਰ ਬੈਠੇ ਹੀ ਪੜ੍ਹਾਈ ਕਰ ਸਕਦੇ ਹਨ। ਇਹਨਾਂ ਨੇ ਯੂ ਪੀ ਐਸ ਸੀ ਅਤੇ ਪੀ ਪੀ ਐਸ ਸੀ ਵਰਗੇ ਉੱਚ ਕੋਟਿ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਅਤੇ ਵਿਭਾਗ ਦੇ ਟੈਲੀਵਿਜ਼ਨ ਚੈਨਲ ‘ਤੇ ਵੀ ਅਹਿਮ ਲੈਕਚਰ ਪ੍ਕਾਸ਼ਿਤ ਹੋ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਤੋਂ ਵੀ 'ਮਾਲਤੀ ਗਿਆਨ ਪੀਠ ਪੁਰਸਕਾਰ' ਅਤੇ ਪੰਜਾਬ ਸਰਕਾਰ ਵੱਲੋਂ 'ਸਟੇਟ ਅਵਾਰਡ' ਵੀ ਮਿਲਿਆ ਹੋਇਆ ਹੈ।
ਇਸੇ ਤਰ੍ਹਾਂ ਮਹਿੰਦਰ ਪਾਲ ਜੋ ਕਿ ਬਤੌਰ ਈਟੀਟੀ ਅਧਿਆਪਕ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ ਖੁਡਾਲ ਮਾਨਸਾ ਵਿੱਚ ਸੇਵਾ ਨਿਭਾ ਰਹੇ ਹਨ ਉਹਨਾਂ ਨੇ ਪੰਜਵੀਂ ਜਮਾਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪਰਾਲੇ ਸਦਕਾ ਤਿਆਰ ਮਾਡਲ ਟੈਸਟ ਪੇਪਰਾਂ ਨੂੰ ਹੱਲ ਸਹਿਤ ਵੀਡੀਓ ਬਣਾ ਕੇ ਯੂ ਟਿਊਬ ਤੇ ਪਾ ਕੇ ਬੱਚਿਆਂ ਦੇ ਸਪੁਰਦ ਕੀਤੇ। ਇਹਨਾਂ ਨੇ ਹੁਣ ਤੱਕ 4 ਹਿੰਦੀ, 4 ਗਣਿਤ ਦੀਆਂ ਵੀਡੀਓ ਅਤੇ 4 ਆਮ ਗਿਆਨ ਦੀਆਂ ਵੀਡੀਓ ਅਪਲੋਡ ਕਰਕੇ ਇਸ ਲਾਕ ਡਾਊਨ ਸਮੇਂ ਵਿੱਚ ਸਿੱਖਿਆ ਮੁਹਿੰਮ ਨੂੰ ਵਿਸ਼ੇਸ਼ ਹੁਲਾਰਾ ਦਿੱਤਾ ਹੈ। ਇਹਨਾਂ ਦੀਆਂ ਦੋ ਪੁਸਤਕਾਂ 'ਗਿਆਨ ਤਰੰਗਾਂ' ਅਤੇ 'ਗਿਆਨ ਕਿਰਨਾਂ' ਵੀ ਬੱਚਿਆਂ ਦੇ ਸਪੁਰਦ ਹੋਈਆਂ ਹਨ। ਸਰਕਾਰੀ ਸੀਨੀਅਰ ਸਮਾਰਟ ਸਕੂਲ ਭੈਣੀ ਬਾਘਾ ਦੇ ਪ੍ਰਿੰਸੀਪਲ ਗੁਰਸੇਵ ਸਿੰਘ ਦੀ ਅਗਵਾਈ ਵਿੱਚ ਲੈਕਚਰਾਰ ਯੋਗਤਾ ਜੋਸ਼ੀ ਨੇ ਅੰਗਰੇਜ਼ੀ ਵਿਸ਼ੇ ਦੀਆਂ ਯੂ-ਟਿਊਬ ਵੀਡੀਓ ਅਪਲੋਡ ਕਰਕੇ ਸਿੱਖਿਆ ਦੀ ਗੁਣਵੱਤਾ ਨੂੰ ਵਿਸ਼ੇਸ਼ ਹੁਲਾਰਾ ਦਿੱਤਾ ਹੈ। ਇਹ ਅੰਤਰਰਾਸ਼ਟਰੀ ਕੌਂਸਲ ਆਫ ਟੀਚਰ ਐਜੂਕੇਸ਼ਨ ਭਾਰਤ ਦੁਆਰਾ ਰਾਸ਼ਟਰੀ ਪੁਰਸਕਾਰ ਨਾਲ ਵੀ ਨਿਵਾਜੀ ਗਈ ਹੈ ਅਤੇ ਵੱਖ-ਵੱਖ ਸਮੇਂ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਵੀ ਹਿੱਸਾ ਲੈਣ ਲਈ ਇਸ ਅਧਿਆਪਕਾਂ ਨੇ ਆਪਣਾ ਨਾਮਣਾ ਖੱਟਿਆ ਹੈ। ਸਰਕਾਰੀ ਸੈਕੰਡਰੀ ਸਕੂਲ ਚਹਿਲਾਂਵਾਲੀ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਅਧਿਆਪਕਾ ਗੁਰਪ੍ਰੀਤ ਕੌਰ ਚਹਿਲ, ਜਸਪ੍ਰੀਤ ਕੌਰ, ਮੋਹਨ ਲਾਲ, ਦੀਪਕ ਕੁਮਾਰ, ਜਸਪ੍ਰੀਤ ਸਿੰਘ ਅੰਗਰੇਜ਼ੀ ਮਾਸਟਰ ਨੇ ਵੀ ਕਈ ਯੂ-ਟਿਊਬ ਵੀਡੀਓ ਬਣਾ ਕੇ ਵਿਦਿਆਰਥੀਆਂ ਦੇ ਸਪੁਰਦ ਕੀਤੀਆਂ ਹਨ। ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਕੂਲ ਬੋਹਾ ਦੇ ਪ੍ਰਿੰਸੀਪਲ ਪਰਮਲ ਸਿੰਘ ਤੇਜਾ ਦੀ ਅਗਵਾਈ ਵਿੱਚ ਬਾਇਓਲੋਜੀ ਦੇ ਲੈਕਚਰਾਰ ਪਰਮਿੰਦਰ ਤਾਂਗੜੀ ਅਤੇ ਹਿਸਾਬ ਮਾਸਟਰ ਨਵਨੀਤ ਕੱਕੜ ਨੇ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਸੈਕੰਡਰੀ ਸਕੂਲ ਰਾਏਪੁਰ ਦੇ ਪ੍ਰਿੰਸੀਪਲ ਡਾ: ਸੁਖਦੇਵ ਸਿੰਘ ਦੀ ਅਗਵਾਈ ਵਿੱਚ ਅੰਗਰੇਜ਼ੀ ਮਾਸਟਰ ਰਵਿੰਦਰ ਕਾਂਸਲ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਅਧਿਆਪਕ ਜਗਦੀਪ ਸਿੰਘ ਸਤੀਕੇ ਨੇ ਪੰਜਾਬੀ ਵਿਸ਼ੇ ਵਿੱਚ, ਨੰਗਲ ਕਲਾਂ ਤੋਂ ਅੰਗਰੇਜ਼ੀ ਮਿਸਟੈ੍ਸ ਮਨਪ੍ਰੀਤ ਕੌਰ, ਬਲਾਕ ਬੁਢਲਾਡਾ ਵਿੱਚ ਮੈਂਟਰ ਸਾਇੰਸ ਵਜੋਂ ਕੰਮ ਕਰ ਰਹੇ ਹੈੱਡਮਾਸਟਰ ਸੁਮਿਤ ਬਾਂਸਲ, ਸੈਕੰਡਰੀ ਸਕੂਲ ਰੰਘੜਿਆਲ ਦੇ ਅਰਥ-ਸ਼ਾਸਤਰ ਦੇ ਲੈਕਚਰਾਰ ਰੋਹਤਾਸ਼ ਕੁਮਾਰ ਨੇ 6 ਵੀਡੀਓ ਅਤੇ ਇਸੇ ਸਕੂਲ ਦੇ ਹਿੰਦੀ ਮਾਸਟਰ ਵਿਪਨ ਕੁਮਾਰ ਸਿੰਗਲਾ ਨੇ ਵੀ ਇੰਟਰਨੈੱਟ ਤੇ ਯੂ-ਟਿਊਬ ਵੀਡੀਓ ਅੱਪਲੋਡ ਕਰ ਕੇ ਇਸ ਮੁਹਿੰਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਜ਼ਿਲ੍ਹੇ ਵਿੱਚ ਚਲ ਰਹੀ ਇਸ ਮੁਹਿੰਮ ਵਿੱਚ ਪ੍ਰਿੰਸੀਪਲ ਪ੍ਰੀਤਇੰਦਰ ਘਈ, ਡਾ: ਬੂਟਾ ਸਿੰਘ ਸੇਖੋਂ, ਅੰਗਰੇਜ਼ ਸਿੰਘ ਰਿਉਂਦ ਕਲਾਂ ਲੈਕਚਰਾਰ ਦਰਸ਼ਨ ਸਿੰਘ ਬਰੇਟਾ, ਹੈੱਡਮਾਸਟਰ ਗੁਰਦਾਸ ਸਿੰਘ ਦਾ ਵੱਡਾ ਯੋਗਦਾਨ ਹੈ। ਸੈਕੰਡਰੀ ਸਕੂਲ ਬੁਢਲਾਡਾ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਦੀ ਰਹਿਨੁਮਾਈ ਹੇਠ ਅੰਗਰੇਜ਼ੀ ਦੇ ਲੈਕਚਰਾਰ ਬਿਮਲ ਕੁਮਾਰ ਜੈਨ ਵੀ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇਣ ਲਈ ਵਿਸ਼ੇਸ਼ ਕਾਰਜ ਕਰ ਰਹੇ ਹਨ। ਉੱਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ ਨੇ ਕਿਹਾ ਹੈ ਕਿ ਅਧਿਆਪਕਾ ਵੱਲੋਂ ਵਿਖਾਈ ਜਾ ਰਹੀ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਵਿਸ਼ੇਸ਼ ਲਾਹੇਵੰਦ ਸਾਬਤ ਹੋਵੇਗੀ ।