ਆਪ ਪਾਰਟੀ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹਿ ਚੁੱਕੀ ਹੈ, ਕਾਂਗਰਸ ਹੀ ਭਾਜਪਾ ਦਾ ਇੱਕੋ ਇੱਕ ਬਦਲ ਹੈ - ਡਾ: ਗਾਂਧੀ
- ਕਿਹਾ, ਇੱਕ ਸਾਲ ਦੇ ਅੰਦਰ ਅੰਦਰ ਆਈਟੀਆਈ ਚੌਕ ਤੇ ਬਣਾਵਾਂਗੇ ਓਵਰਬ੍ਰਿਜ
ਲਾਲੜੂ, 30 ਮਈ 2024 - ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਲਾਲੜੂ ਵਿਖੇ ਭਰਵੇਂ ਚੋਣ ਇਕੱਠ ਨੂੰ ਸੰਬੋਧਨ ਕੀਤਾ ਗਿਆ। ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਅਤੇ ਉਦੈਵੀਰ ਸਿੰਘ ਢਿੱਲੋਂ ਵੱਲੋ ਕਰਵਾਈ ਇਸ ਜਨ ਸਭਾ ਨੂੰ ਸੰਬੋਧਨ ਕਰਦਿਆਂ ਡਾ ਗਾਂਧੀ ਨੇ ਕਿਹਾ ਕਿ ਅਸੀਂ ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਜਾ ਰਹੇ ਹਾਂ,ਲੋਕਾਂ ਦਾ ਵੱਡੇ ਪੱਧਰ 'ਤੇ ਮਿਲ ਰਿਹਾ ਸਹਿਯੋਗ ਅਤੇ ਸਮਰਥਨ ਇਹ ਸਪੱਸ਼ਟ ਇਸ਼ਾਰਾ ਕਰ ਰਿਹਾ ਹੈ ਕਿ ਅਸੀਂ ਲੋਕਸਭਾ ਹਲਕਾ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਰਹੇ ਹਾਂ।
ਉਹਨਾਂ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਹਵਾ ਚੱਲ ਰਹੀ ਹੈ ਅਤੇ ਆਉਣ ਵਾਲ਼ੀ ਚਾਰ ਜੂਨ ਨੂੰ ਮੋਦੀ ਸਰਕਾਰ ਨੂੰ ਚੱਲਦਿਆਂ ਕਰਨ ਲਈ ਲੋਕ ਤਿਆਰ ਬੈਠੇ ਹਨ।
ਇਸਤੋਂ ਇਲਾਵਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਅਤੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਪ ਪਾਰਟੀ ਅੱਜ ਲੋਕਾਂ ਦੇ ਨੱਕੋਂ ਬੁੱਲੋਂ ਲਹਿ ਚੁੱਕੀ ਹੈ। ਜਿੰਨੀ ਜਲਦੀ ਆਪ ਪਾਰਟੀ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗੀ ਹੈ,ਇੰਨੀ ਜਲਦੀ ਕਦੇ ਵੀ ਕਿਸੇ ਪਾਰਟੀ ਵਿੱਚ ਨਿਘਾਰ ਨਹੀਂ ਆਇਆ। ਇਹ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਲੋਕ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਅੱਜ ਬੇਹੱਦ ਨਿਰਾਸ਼ ਹਨ ਅਤੇ ਲੋਕ ਕਾਂਗਰਸ ਨੂੰ ਹੀ ਕੇਂਦਰ ਵਿੱਚ ਭਾਜਪਾ ਦੇ ਇੱਕੋ ਇੱਕ ਬਦਲ ਵਜੋਂ ਦੇਖ ਰਹੇ ਹਨ। ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਭਰ ਵਿਚ ਕਾਂਗਰਸ ਦਾ ਮਾਹੌਲ ਹੈ। ਜਾਗਰੂਕ ਜਨਤਾ ਨੇ ਬਦਲਾਅ ਦਾ ਮਨ ਬਣਾ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਤੋਂ ਬਿਨਾਂ ਹੋਰ ਕਿਸੇ ਪਾਰਟੀ ਤੇ ਵਿਸ਼ਵਾਸ ਨਹੀਂ ਕਰਨਗੇ।
ਇਸ ਮੌਕੇ ਦੀਪਇੰਦਰ ਸਿੰਘ ਢਿੱਲੋਂ ਵਲੋਂ ਲਾਲੜੂ ਇਲਾਕੇ ਦੀ ਵੱਡੀ ਮੰਗ ਆਈਟੀਆਈ ਚੌਕ ਤੇ ਓਵਰਬ੍ਰਿਜ ਬਣਾਉਣ ਬਾਰੇ ਡਾ ਗਾਂਧੀ ਨੂੰ ਮੌਕਾ ਦਿਖਾਇਆ ਗਿਆ। ਜਿਸ ਤੇ ਡਾ ਧਰਮਵੀਰ ਗਾਂਧੀ ਨੇ ਕਿਹਾ ਕਿ ਜੇ ਉਹ ਮੈਂਬਰ ਪਾਰਲੀਮੈਂਟ ਬਣਦੇ ਹਨ ਤਾਂ ਇੱਕ ਸਾਲ ਦੇ ਅੰਦਰ ਅੰਦਰ ਇੱਥੇ ਪੁੱਲ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਮੌਜੂਦ ਸਨ।