ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 13 ਸਤੰਬਰ 2020 - ਵਿਧਾਨ ਸਭਾ ਹਲਕਾ ਮੋਗਾ ਦੇ ਐਮ ਅਸਲ ਏ ਡਾਕਟਰ ਹਰਜੋਤ ਕਮਲ ਨੇ ਸਮਾਜ ਮੂਹਰੇ ਮਿਸਾਲ ਪੇਸ਼ ਕਰਦਿਆਂ ਕੋਰੋਨਾ ਤੋਂ ਪੀੜ੍ਹਤ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਪਲਾਜ਼ਮਾ ਦਾਨ ਕੀਤਾ ਹੈ। ਪੰਜਾਬ ਦੇ ਉਹ ਪਹਿਲੇ ਚੁਣੇ ਹੋਏ ਲੋਕ ਨੁਮਾਇੰਦੇ ਹਨ, ਜਿਹਨਾਂ ਨੇ ਪਹਿਲਾਂ ਕੋਰੋਨਾ ਖਿਲਾਫ਼ ਨਿੱਜੀ ਲੜ੍ਹਾਈ ਜਿੱਤੀ ਅਤੇ ਬਾਅਦ ਵਿੱਚ ਹੋਰ ਕੀਮਤੀ ਜਾਨਾਂ ਬਚਾਉਣ ਲਈ ਉਹ ਅੱਗੇ ਆਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੇ ਬੀਤੇ ਦਿਨੀਂ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪਲਾਜ਼ਮਾ ਦਾਨ ਕੀਤਾ, ਜਿਸ ਉਪਰੰਤ ਉਹ ਬਹੁਤ ਹੀ ਸੰਤੁਸ਼ਟ ਅਤੇ ਖੁਸ਼ ਮਹਿਸੂਸ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ਿਕਾਰ ਹੋਣ ਤੋਂ ਬਾਅਦ 25 ਅਗਸਤ ਨੂੰ ਨੈਗੇਟਿਵ ਆ ਗਏ ਸਨ, ਜਿਸ ਉਪਰੰਤ ਉਹਨਾਂ ਨੇ ਆਪਣਾ ਪਲਾਜ਼ਮਾ ਦਾਨ ਕਰਨ ਦਾ ਮਨ ਬਣਾ ਲਿਆ ਸੀ। ਸਿਹਤ ਮਾਹਿਰਾਂ ਨਾਲ ਗੱਲ ਕਰਨ ਉਪਰੰਤ ਉਹਨਾਂ ਕੱਲ੍ਹ ਆਪਣਾ ਪਲਾਜ਼ਮਾ ਦਾਨ ਕੀਤਾ।
ਉਹਨਾਂ ਕਿਹਾ ਕਿ ਇਕ ਜਿੰਮੇਵਾਰ ਅਹੁਦੇ ਉਤੇ ਹੁੰਦਿਆਂ ਲੋਕਾਂ ਦੀ ਜਾਨ ਬਚਾਉਣੀ ਉਹਨਾਂ ਦੀ ਜਿੰਮੇਵਾਰੀ ਹੈ, ਜਿਸ ਨੂੰ ਸਮਝਦਿਆਂ ਹੀ ਉਹਨਾਂ ਨੇ ਇਹ ਫੈਸਲਾ ਲਿਆ ਸੀ। ਉਹਨਾਂ ਕੋਰੋਨਾ ਤੋਂ ਠੀਕ ਹੋ ਰਹੇ ਹੋਰ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਦੀ ਵਰਤੋਂ ਕਰਨ ਤਾਂ ਜੌ ਮਿਸ਼ਨ ਫਤਹਿ ਨੂੰ ਕਾਮਯਾਬ ਕੀਤਾ ਜਾ ਸਕੇ।