ਹਰੀਸ਼ ਕਾਲੜਾ
ਸ਼੍ਰੀ ਚਮਕੌਰ ਸਾਹਿਬ, 6 ਅਗਸਤ 2020 - ਹਰਪ੍ਰੀਤ ਸਿੰਘ ਅਟਵਾਲ ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਉਨ੍ਹਾਂ ਨੇ ਇਸ ਬਿਮਾਰੀ ਤੇ ਫਤਿਹ ਪਾ ਕੇ ਅੱਜ ਮੁੜ ਤੋਂ ਦਫਤਰ ਜੁਆਇਨ ਕਰ ਲਿਆ ਹੈ। ਐਸ.ਡੀ.ਐਮ. ਹੁਣ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਜਨਤਾ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਲਈ ਦਫਤਰ ਹਾਜ਼ਰ ਰਹਿਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿਚ ਜਦੋਂ ਕਿ ਕੋਰੋਨਾ ਨੇ ਪੂਰੀ ਦੁਨਿਆਂ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਤਾਂ ਸਾਨੂੰ ਇਸ ਤੋਂ ਡਰਨ ਦੀ ਬਿਲਕੁੱਲ ਲੋੜ ਨਹੀਂ ਸਗੋਂ ਸਾਨੂੰ ਸੁਚੇਤ ਹੋ ਕੇ ਪੂਰੀ ਜ਼ਿੰਮੇਵਾਰੀ ਨਾਲ ਸਰਕਾਰ ਵੱਲੋਂ ਜਾਰੀ ਸੁਰਖਿਆ ਤੇ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਲੜਾਈ ਵਿੱਚ ਮੁੱਖ ਤੌਰ ਤੇ ਮਾਸਕ ਪਾਉਣ ਨਾਲ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ ਇਸ ਦੇ ਨਾਲ ਹੀ ਸਮਾਜਿਕ ਦੂਰੀ ਦੇ ਮਾਪਦੰਡਾਂ ਨੂੰ ਅਪਣਾ ਕੇ ਘੱਟੋ-ਘੱਟ 2 ਗਜ਼ ਦਾ ਫਾਸਲਾ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਇਹ ਅਪੀਲ ਵੀ ਕੀਤੀ ਜੇਕਰ ਕਿਸੇ ਵਿਅਕਤੀ ਨੂੰ ਜ਼ੁਕਾਮ, ਬੁਖਾਰ ਜਾਂ ਸਿਰ ਦਰਦ ਵਰਗਾ ਕੋਈ ਲੱਛਣ ਹੋਵੇ ਤਾਂ ਉਸ ਨੂੰ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕਾਂਤਵਾਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਹ ਤੁਹਾਡੀ ਆਪਣੀ ਅਤੇ ਤੁਹਾਡੇ ਦੇ ਪਰਿਵਾਰ ਦੀ ਭਲਾਈ ਲਈ ਲਾਜ਼ਮੀ ਹੈ।