ਓ ਪੀ ਸੋਨੀ ਵਲੋਂ ਮੈਡੀਕਲ ਕਾਲਜ ਦੀ ਕਾਰਜਪ੍ਰਣਾਲੀ ਦਾ ਕੀਤਾ ਮੁਲਾਂਕਣ
ਸੋਨੀ ਨੇ ਕੋਵਿਡ 19 ਤੋਂ ਸਬਕ ਲੈਂਦਿਆਂ ਭਵਿੱਖੀ ਤਿਆਰੀਆਂ ਕਰਨ ਦੇ ਦਿੱਤੇ ਹੁਕਮ
ਚੰਡੀਗੜ੍ਹ, 17 ਅਪ੍ਰੈਲ, 2020 : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓ ਪੀ ਸੋਨੀ ਵਲੋਂ ਕੋਵਿਡ 19 ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਮੈਡੀਕਲ ਕਾਲਜ ਅਤੇ ਹਸਪਤਾਲਾਂ ਵਲੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਦਾ ਮੁਲਾਂਕਣ ਕੀਤਾ ਗਿਆ। ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਇਸ ਮੀਟਿੰਗ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ.ਤਿਵਾੜੀ, ਡਾਇਰੈਕਟਰ ਡਾਕਟਰ ਅਵਨੀਸ਼ ਕੁਮਾਰ, ਸੰਯੁਕਤ ਡਾਇਰੈਕਟਰ ਡਾਕਟਰ ਅਕਾਸ਼ਦੀਪ ਅਗਰਵਾਲ ਅਤੇ ਬਾਬਾ ਫਰੀਦ ਯੁਨਿਵਰਸੀਟੀ ਦੇ ਕੁਲਪਤੀ ਡਾਕਟਰ ਰਾਜ ਬਹਾਦਰ ਤੋਂ ਇਲਾਵਾ ਪੰਜਾਬ ਰਾਜ ਦੇ ਸਮੂਹ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਹਾਜ਼ਰ ਸਨ।
ਮੀਟਿੰਗ ਦੌਰਾਨ ਸੋਨੀ ਨੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਲੋਂ ਕੋਵਿਡ 19 ਤੋਂ ਪੀੜਤ ਮਰੀਜ਼ਾਂ ਅਤੇ ਸ਼ੱਕੀ ਮਰੀਜ਼ਾਂ ਨੂੰ ਦਿੱਤੀ ਜਾ ਰਹੀਆਂ ਸੇਵਾਵਾਂ ਦਾ ਮੁਲਾਂਕਣ ਕੀਤਾ ਅਤੇ ਉਨ੍ਹਾਂ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਲੋਂ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ।
ਮੀਟਿੰਗ ਦੌਰਾਨ ਸੋਨੀ ਨੂੰ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਮੋਜੂਦਾ ਸਮੇਂ ਕੋਵਿਡ ਕੇਸਾਂ ਨਾਲ ਸਬੰਧਿਤ ਸਾਰੇ ਸੰਕਟਕਾਲੀਨ ਕੰਮ ਕਰ ਰਿਹਾ ਹੈ ਅਤੇ ਇਸ ਸਥਿਤੀ ਨੂੰ ਦੇਖਦੇ ਹੋਏ ਭਵਿੱਖ ਵਿੱਚ ਆੳੁਣ ਵਾਲੀ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਵਿਭਾਗ ਨੂੰ ਹੁਣ ਤੋਂ ਹੀ ਤਿਆਰੀਆਂ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਲਈ ਮੈਡੀਕਲ ਕਾਲਜਾਂ ਨੂੰ ਹੋਰ ਜ਼ਿਆਦਾ ਵਿੱਤੀ ਸੰਸਾਧਨਾਂ ਦੀ ਲੋੜ ਹੈ ਤਾਂ ਜ਼ੋ ਵੈਂਟੀਲੇਟਰ ਦੀ ਸਮਰੱਥਾ ਨੂੰ ਮੌਜੂਦਾ ਤੋਂ ਦੁੱਗਣਾ ਕੀਤਾ ਜਾ ਸਕੇ, ਇਸ ਨਾਲ ਸਬੰਧਤ ਹੋਰ ਕਾਰਜਾਂ ਲਈ ਯੋਜਨਾਵਾਂ ਅਤੇ ਪ੍ਰਬੰਧ ਕਰਨਾ ਅਤੇ ਹੋਰ ਲੋੜੀਂਦੇ ਤਕਨੀਕੀ ਮਾਹਿਰ ਅਤੇ ਸਾਜ਼ੋ ਸਾਮਾਨ ਦਾ ਪ੍ਰਬੰਧ ਕੀਤਾ ਜਾ ਸਕੇ। ਜਿਸ ਤੇ ਸੋਨੀ ਕਿਹਾ ਕਿ ਉਹ ਇਸ ਕਾਰਜ ਲੲੀ ਵਿੱਤ ਵਿਭਾਗ ਨਾਲ ਬਜਟ ਵਿੱਚ ਹੋਰ ਵਾਧਾ ਕਰਨ ਲਈ ਗੱਲ ਕਰਨਗੇ।
ਸੋਨੀ ਨੇ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੈਡੀਕਲ ਕਾਲਜਾਂ ਵਿੱਚ ਲੋੜੀਂਦੇ ਮੁਲਾਜ਼ਮਾਂ ਤੇ ਸਾਜ਼ੋ ਸਾਮਾਨ ਸਬੰਧੀ ਆਪਣੀ ਮੰਗ ਜਲਦ ਭੇਜਣ ਤਾਂ ਜ਼ੋ ਉਸ ਨੂੰ ਅੱਗੇ ਵਿੱਤ ਵਿਭਾਗ ਨੂੰ ਭੇਜਿਆ ਜਾ ਸਕੇ।
ਸੋਨੀ ਨੇ ਇਸ ਮੌਕੇ ਇਕਾਂਤਵਾਸ ਵਿਚ ਰੱਖੇ ਗਏ ਮਰੀਜ਼ਾਂ ਲਈ ਪੌਸ਼ਟਿਕ ਭੋਜਨ ਦਾ ਉਚਿਤ ਪ੍ਰਬੰਧ ਕਰਨ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਦਾ ਹੁਕਮ ਦਿੰਦਿਆਂ ਕਿਹਾ ਕਿ ਕੌਂਸਲਰਾਂ ਨੂੰ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਮਨੋਬਲ ਵਧਾਉਣ ਲਈ ਵਾਰਡ ਵਿਚ ਹਾਜ਼ਰ ਰਹਿਣਾ ਚਾਹੀਦਾ ਹੈ, ਅਤੇ ਮਰੀਜ਼ਾਂ ਨੂੰ ਉਹਨਾਂ ਨੂੰ ਦਿੱਤੇ ਜਾ ਰਹੇ ਇਲਾਜ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਅਤੇ ਵਾਰਡ ਵਿੱਚ ਆਪਣੇ ਡਿਊਟੀ ਦੇ ਸਮੇਂ ਦੋਰਾਨ ਵਾਰਡ ਵਿਚ ਪੂਰਾ ਸਮਾਂ ਹਾਜ਼ਰ ਰਹਿਣਾ ਯਕੀਨੀ ਬਣਾਉਣ । ਇਸ ਤੋਂ ਇਲਾਵਾ ਕਾਊਂਸਲਰ ਨੂੰ ਮਰੀਜ਼ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਮਰੀਜ਼ ਦੇ ਘੱਟੋ ਘੱਟ ਇੱਕ ਰਿਸ਼ਤੇਦਾਰ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਸੋਨੀ ਨੇ ਇਹ ਵੀ ਹਦਾਇਤ ਕੀਤੀ ਕਿ ਆਈਸੋਲੇਸ਼ਨ ਵਾਰਡ ਦੀਆਂ ਸਹੂਲਤਾਂ ਬਾਰੇ ਇੱਕ ਚੈਕ ਲਿਸਟ ਸੂਚੀ ਸਾਰਿਆਂ ਨੂੰ ਭੇਜੀ ਜਾਵੇ ਅਤੇ ਇਸਦੇ ਬਾਅਦ ਸਾਰੇ ਹਸਪਤਾਲਾਂ ਨੂੰ ਇਸ ਦੀ ਪਾਲਣਾ ਕਰਨੀ ਯਕੀਨੀ ਬਣਾਉਣ।
ਉਨ੍ਹਾਂ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਵੈਂਟੀਲੇਟਰ, ਟਿਊਬਾਂ, ਸਰਕਟ, ਸਕੋਪ, ਮੋਨੀਟਰ, ਪੰਪ, ਵਿਸ਼ਲੇਸ਼ਣਕਾਰ, ਮੀਟਰ, ਰਹਿੰਦ-ਖੂੰਹਦ ਪ੍ਰਬੰਧਨ, ਕੱਪੜੇ ਧੋਣ, ਫਰਿੱਜ, ਗੀਜ਼ਰ, ਆਟੋਕਲੇਵ, ਏਸੀ, ਪੋਰਟੇਬਲ ਐਕਸਰੇ, ਐਂਬੂਲੈਂਸ ਆਦਿ ਨੂੰ ਹਰ ਸਮੇਂ ਤਿਆਰ ਰੱਖਣ ਦਾ ਹੁਕਮ ਦਿੰਦਿਆਂ ਕਿਹਾ ਕਿ ਜੇਕਰ ਇੰਨ੍ਹਾਂ ਵਸਤਾਂ ਜਾਂ ਸਾਜ਼ੋ ਸਾਮਾਨ ਦੀ ਜ਼ਰੂਰਤ ਹੋਵੇ ਤਾਂ ਲੋੜਾਂ ਬਾਰੇ ਆਪਣੀਆਂ ਤਜਵੀਜ਼ਾਂ ਵੀ ਤੁਰੰਤ ਭੇਜਣ ਲਈ ਕਿਹਾ।
ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਚ ਮੌਜੂਦ ਸੰਸਾਧਨਾਂ ਦੀ ਵੱਧ ਤੋ ਵੱਧ ਵਰਤੋਂ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ।
ਸੋਨੀ ਨੇ ਇਸ ਸਿਹਤ ਸੰਕਟ ਨੂੰ ਜਿੱਤਣ ਲਈ ਇਸ ਕੰਮ ਵਿੱਚ ਸ਼ਾਮਲ ਸਾਰੇ ਡਾਕਟਰਾਂ ਅਤੇ ਅਮਲੇ ਦਾ ਸ਼ਲਾਘਾ ਕੀਤੀ ।