ਲੋਕੇਸ਼ ਰਿਸ਼ੀ
ਗੁਰਦਾਸਪੁਰ, ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਕਰਤਾਰਪੁਰ ਕਾਰੀਡੋਰ ਵਿਖੇ ਦੂਰਬੀਨ ਰਾਹੀ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉੱਪਰ ਆਰਜ਼ੀ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਕਾਰ ਹੁਣ ਕੋਈ ਵੀ ਸ਼ਰਧਾਲੂ ਡੇਰਾ ਬਾਬਾ ਨਾਨਕ ਬਾਰਡਰ ਵਿਖੇ ਪਹੁੰਚ ਕੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇਗਾ। ਹਾਲਾਂ ਕਿ ਇਹ ਰੋਕ ਆਰਜ਼ੀ ਤੌਰ ਤੇ ਦੱਸੀ ਜਾ ਰਹੀ ਹੈ ਅਤੇ ਆਉਂਦੇ ਸਮੇਂ ਦੌਰਾਨ ਜਲਦ ਹੀ ਸ਼ਰਧਾਲੂ ਇੱਥੋਂ ਪਹਿਲਾਂ ਵਾਂਗ ਹੀ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ 16 ਮਾਰਚ ਤੋਂ ਕਰਤਾਰਪੁਰ ਸਾਹਿਬ ਦੀ ਯਾਤਰਾ ਅਤੇ ਰਜਿਸਟਰੇਸ਼ਨ ਸਬੰਧੀ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ ਅਤੇ ਨਾਲ ਹੀ ਡੇਰਾ ਬਾਬਾ ਨਾਨਕ ਬਾਰਡਰ ਵਿਖੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਲਗਾਈਆਂ ਗਈਆਂ ਦੂਰਬੀਨਾਂ ਵੀ ਹਟਾ ਦਿੱਤੀਆਂ ਗਈਆਂ ਸਨ। ਪਰ ਇੱਥੇ ਆਉਣ ਵਾਲੇ ਸ਼ਰਧਾਲੂ ਨੰਗੀਆਂ ਅੱਖਾਂ ਨਾਲ ਹੀ ਬਾਰਡਰ ਵਿਖੇ ਖੜ੍ਹੇ ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ।
ਉਪਰੋਕਤ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਖ਼ਬਰ ਦੀ ਤਸਦੀਕ ਕਰਦਿਆਂ ਕਿਹਾ। ਕਿ ਕੋਰੋਨਾ ਵਾਇਰਸ ਦੇ ਖ਼ਤਰੇ ਅਤੇ ਭੀੜ ਕਾਰਨ ਬੀ.ਐੱਸ.ਐਫ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਦੂਰਬੀਨ ਸਥਾਨ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਸਬੰਧੀ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਆਰਜ਼ੀ ਤੌਰ ਤੇ ਲਗਾਈ ਗਈ ਹੈ ਅਤੇ ਸਮੇਂ 'ਚ ਸੁਧਾਰ ਆਉਂਦਿਆਂ ਹੀ ਇਸ ਪਾਬੰਦੀ ਨੂੰ ਹਟਾ ਲਿਆ ਜਾਵੇਗਾ।
ਦੱਸਦੇ ਚੱਲੀਏ ਕੀ ਬਾਬੂਸ਼ਾਹੀ ਡਾਟ ਕਾਮ ਨੇ ਬੀਤੀ 15 ਮਾਰਚ ਨੂੰ ਹੀ ਇਹਨਾਂ ਦਰਸ਼ਨਾਂ ਤੇ ਪਾਬੰਦੀ ਲਾਏ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਜੋ ਵੀਰਵਾਰ ਨੂੰ ਸੱਚ ਸਾਬਿਤ ਹੋਇਆ।