- ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 4 ਅਕਤੂਬਰ ਤੋਂ ਆਨ ਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ
- ਇਸ ਲਈ 4 ਅਕਤੂਬਰ ਨੂੰ ਪ੍ਰੋਫਾਰਮਾ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤਾ ਜਾਵੇਗਾ
- ਇਹ ਪ੍ਰੋਫਾਰਮਾ ਵੈੱਬਸਾਈਟ 'ਤੇ ਪੰਜਾਬੀ 'ਚ ਵੀ ਉਪਲਬਧ ਹੋਵੇਗਾ
- ਸ਼ਰਧਾਲੂਆਂ ਨੂੰ ਵੀਜ਼ੇ ਲਈ ਕਰੀਬ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ
- ਵੀਜ਼ੇ ਸਬੰਧੀ ਸ਼ਰਧਾਲੂਆਂ ਨੂੰ ਮੈਸੇਜ ਜਾਂ ਈਮੇਲ ਰਾਹੀ ਦੱਸਿਆ ਜਾਵੇਗਾ
- ਜਿਹੜੇ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ ਉਹ ਤਤਕਾਲ 'ਚ ਪਾਸਪੋਰਟ ਅਪਲਾਈ ਕਰ ਸਕਦੇ ਹਨ
- ਤਤਕਾਲ 'ਚ ਪਾਸਪੋਰਟ ਅਪਲਾਈ ਕਰਨ ਦੀ ਫ਼ੀਸ 1500 ਹੋਵੇਗੀ
- ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ
- ਸ਼ਰਧਾਲੂ ਆਪਣੇ ਨਾਲ ਦਰਸ਼ਨਾਂ ਮੌਕੇ 10,000 ਦੀ ਕਰੰਸੀ ਅਤੇ 5 ਕਿੱਲੋ ਤੱਕ ਵਜ਼ਨ ਵੀ ਲੈ ਕੇ ਜਾ ਸਕਣਗੇ
- ਇੱਕ ਦਿਨ 'ਚ ਕਰੀਬ 5000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ
ਚੰਡੀਗੜ੍ਹ, 1 ਅਕਤੂਬਰ 2019 - ਕਰਤਾਰਪੁਰ ਲਾਂਘਾ ਕਦੋਂ ਖੁੱਲ੍ਹੇਗਾ ਅਤੇ ਕਿੰਨੇ ਸ਼ਰਧਾਲੂ ਇੱਕ ਦਿਨ 'ਚ ਪਾਕਿਸਤਾਨ 'ਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਊਜ਼ 18 ਦੇ ਪੱਤਰਕਾਰ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 4 ਅਕਤੂਬਰ ਨੂੰ ਪ੍ਰੋਫਾਰਮਾ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤਾ ਜਾਵੇਗਾ ਜੋ ਕਿ ਪੰਜਾਬੀ 'ਚ ਵੀ ਹੋਵੇਗਾ। ਵੀਜ਼ੇ ( ਪਰਮਿਟ ) ਦੇ ਲਈ ਸ਼ਰਧਾਲੂਆਂ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ ਤਾਂ ਜੋ ਭਾਰਤ ਦੀ ਸਰਕਾਰ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਸਕੇ। ਕਾਗ਼ਜ਼ੀ ਕਰਵਾਈ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਸ਼ਰਧਾਲੂਆਂ ਲਈ ਵੀਜ਼ਾ ਜਾਰੀ ਕਰੇਗੀ। ਵੀਜ਼ੇ ਸਬੰਧੀ ਉਨ੍ਹਾਂ ਨੂੰ ਮੈਸੇਜ ਜਾਂ ਈਮੇਲ ਰਾਹੀ ਦੱਸਿਆ ਜਾਵੇਗਾ ਕਿ ਉਹ ਕਿਸ ਦਿਨ ਦਰਸ਼ਨਾਂ ਲਈ ਜਾ ਸਕਦੇ ਹਨ। ਰੰਧਾਵਾ ਨੇ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ ਉਹ ਤਤਕਾਲ 'ਚ ਪਾਸਪੋਰਟ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੂੰ ਦੋ ਜਾਂ ਤਿੰਨ ਦਿਨਾਂ 'ਚ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ।
ਰੰਧਾਵਾ ਨੇ ਦੱਸਿਆ ਕਿ ਮੀਟਿੰਗ 'ਚ ਇਸ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ ਕਿ ਸ਼ਰਧਾਲੂ ਆਪਣੇ ਨਾਲ ਦਰਸ਼ਨਾਂ ਮੌਕੇ 10,000 ਰੁਪੇ ਦੀ ਕਰੰਸੀ ਅਤੇ 5 ਕਿੱਲੋ ਤੱਕ ਵਜ਼ਨ ਵੀ ਲੈ ਕੇ ਜਾ ਸਕਦੇ ਹਨ। ਇਸ ਤੋਂ ਬਿਨਾਂ ਸ਼ਰਧਾਲੂ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਬੰਧਿਤ ਸਮਗਰੀ ਵੀ ਲੈ ਕੇ ਜਾ ਸਕਦੇ ਹਨ।
ਰੰਧਾਵਾ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਕਿਸਤਾਨ ਸਰਕਾਰ ਨਾਲ ਇਹ ਵੀ ਗੱਲ ਕੀਤੀ ਗਈ ਸੀ ਕਿ ਸ਼ਰਧਾਲੂਆਂ ਨੂੰ ਬਿਨਾਂ ਪਾਸਪੋਰਟ ਦੇ ਦਰਸ਼ਨਾਂ ਦੀ ਆਗਿਆ ਦਿੱਤੀ ਜਾਵੇ। ਪਰ ਪਾਕਿਸਤਾਨ ਸਰਕਾਰ ਇਸ ਲਈ ਅਜੇ ਰਾਜ਼ੀ ਨਹੀਂ ਹੋਈ ਪਰ ਜਿਵੇਂ-ਜਿਵੇਂ ਸਮਾਂ ਹੋਰ ਸੁਖਾਲਾ ਹੋਵੇਗਾ ਤਾਂ ਸ਼ਾਇਦ ਇਹ ਵੀ ਸੰਭਵ ਹੋ ਜਾਵੇਗਾ।
ਰੰਧਾਵਾ ਨੇ ਦੱਸਿਆ ਕਿ ਪਾਕਿਸਤਾਨ 'ਚ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਇਕ ਮਲਟੀ ਸਟੋਰੀ ਬਿਲਡਿੰਗ ਵੀ ਤਿਆਰ ਕੀਤੀ ਜਾਵੇਗੀ। ਪਰ ਬਾਰਡਰ ਤੋਂ ਪਾਰ ਸ਼ਰਧਾਲੂ ਕਿਸ ਤਰ੍ਹਾਂ ਜਾਣਗੇ ਇਸ ਸਬੰਧੀ ਪਾਕਿਸਤਾਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਵਿਚਾਰ-ਚਰਚਾ ਕਰਕੇ ਸਾਰਾਪਰਫੋਰਮਾ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤਾ ਜਾਵੇਗਾ।
ਰੰਧਾਵਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਇੱਕ ਦਿਨ 'ਚ ਕਰੀਬ 5000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਪਹਿਲੇ ਸਿੱਖ ਜਥੇ ਦੇ ਰੂਪ 'ਚ ਕਰੀਬ 2100 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾਵੇਗਾ ਜਿਸ ਦੀ ਨੁਮਾਇੰਦਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਸ ਜਥੇ 'ਚ ਸਾਰੇ ਐੱਮ ਐੱਲ ਏ, ਸਾਰੇ ਐੱਮਪੀ, ਐੱਸਜੀਪੀਸੀ ਮੈਂਬਰ, ਸੰਤ ਸਮਾਜ ਦੇ ਆਗੂ, ਪੱਤਰਕਾਰ ਅਤੇ ਕੁੱਝ ਖ਼ਾਸ ਪ੍ਰਬੰਧਕ ਹੋਣਗੇ। ਅਤੇ ਇਹ ਜਥਾ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ।