ਕੇਰਲਾ : ਬਜ਼ੁਰਗ ਜੋੜਾ ਹੋਇਆ ਤੰਦਰੁਸਤ, ਘਰ 'ਚ ਪਰਤੀਆਂ ਰੌਣਕਾਂ
ਥਿਰੂਵਨੰਤਪੁਰਮ, 31 ਮਾਰਚ, 2020 : ਕੇਰਲਾ ਦਾ ਇਕ ਬਜ਼ੁਰਗ ਜੋੜਾ ਕੋਰੋਨਾਵਾਇਰਸ ਨੂੰ ਮਾਤ ਪਾ ਕੇ ਮੁੜ ਤੰਦਰੁਸਤ ਹੋ ਗਿਆ ਹੈ। ਜੋੜੇ ਵਿਚ ਪੁਰਸ਼ ਦੀ ਉਮਰ 93 ਸਾਲ ਤੇ ਮਹਿਲਾ 88 ਸਾਲ ਦੀ ਹੈ। ਕੇਰਲਾ ਦੇ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਇਨਫੈਕਸ਼ਨ ਹੋਇਆ ਸੀ। ਉਹਨਾਂ ਦਾ ਪੋਤਾ ਇਟਲੀ ਤੋਂ ਪਰਤਿਆ ਸੀ ਪਰ ਹੁਣ ਸਾਰੇ ਪਰਿਵਾਰਕ ਮੈਂਬਰ ਤੰਦਰੁਸਤ ਹੋ ਗਏ ਹਨ ਤੇ ਘਰ ਵਿਚ ਰੌਣਕਾਂ ਪਰਤ ਆਈਆਂ ਹਨ।
ਸਿਹਤ ਮੰਤਰੀ ਦੇ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਬਜੁਰਗ ਜੋੜੇ ਨੂੰ ਮੌਤ ਦੇ ਮੂੰਹ ਵਿਚੋਂ ਛੁਡਾ ਕੇ ਮੁੜ ਜ਼ਿੰਦਗੀ ਵਿਚ ਲਿਆਂਦਾ ਗਿਆ ਹੈ। ਦੋਵੇਂ ਬਜ਼ੁਰਗ ਹਾਈਪਰਟੈਨਸ਼ਨ ਤੇ ਬੁਢਾਪੇ ਨਾਲ ਸਬੰਧਤ ਰੋਗਾਂ ਤੋਂ ਵੀ ਪੀੜਤ ਸਨ। 93 ਸਾਲਾ ਪੁਰਸ਼ ਨੂੰ ਬਹੁਤ ਜ਼ਿਆਦਾ ਖਾਂਸੀ, ਛਾਤੀ ਵਿਚ ਦਰਦ, ਪਿਸ਼ਾਬ ਦੀ ਇਨਫੈਕਸ਼ਨ ਤੇ ਦਿਲ ਦੇ ਰੋਗਾਂ ਦੀ ਬਿਮਾਰੀ ਸੀ। ਉਸਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ। ਇਸੇ ਤਰਾਂ ਉਸਦੀ ਪਤਨੀ ਬਜ਼ੁਰਗ ਮਹਿਲਾ ਨੂੰ ਵੀ ਪਿਸ਼ਾਬ ਦੀ ਬਿਮਾਰੀ ਸੀ, ਫਿਰ ਇਨਫੈਕਸ਼ਨ ਹੋ ਗਈ ਤੇ ਉਸਦੀ ਹਾਲਤ ਵਿਗੜਦੀ ਗਈ। ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਉਹਨਾਂ ਨੂੰ ਬਚਾਉਣ ਲਈ ਡਾਕਟਰਾਂ ਨੂੰ ਪੂਰੀ ਵਾਹ ਲਾਉਣ ਦੀ ਹਦਾਇਤ ਕੀਤੀ। ਉਹ ਕੋਟਾਇਮ ਮੈਡੀਕਲ ਕਾਲਜ ਵਿਚ ਪਹਿਲਾਂ ਵੱਖ ਵੱਖ ਕਮਰਿਆਂ ਵਿਚ ਦਾਖਲ ਸਨ ਤੇ ਫਿਰ ਆਈ ਸੀ ਯੂ ਵਿਚ ਸ਼ਿਫਟ ਕੀਤੇ ਗਏ ਜਿਥੋਂ ਉਹ ਇਕ ਦੂਜੇ ਨੂੰ ਵੇਖ ਸਕਦੇ ਹਨ।
ਅੰਤ ਕੋਰੋਨਾ ਦੀ ਹਾਰ ਹੋਈ ਤੇ ਬਜੁਰਗ ਜੋੜਾ ਜ਼ਿੰਦਗੀ ਦੀ ਜੰਗ ਜਿੱਤ ਗਿਆ।