ਕੈਨੇਡਾ: ਐਡਮਿੰਟਨ ਏਅਰਪੋਰਟ ਦੇ 40% ਕਾਮਿਆਂ ਦੀ ਹੋਵੇਗੀ ਛਾਂਟੀ
ਹਰਦਮ ਮਾਨ
ਸਰੀ, 24 ਮਈ 2020- ਵੈਨਕੂਵਰ ਤੋਂ ਬਾਅਦ ਹੁਣ ਐਡਮਿੰਟਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਵਲੋਂ ਵੀ 40% ਕਾਮਿਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ 95% ਘਟ ਗਈ ਹੈ ਜਿਸ ਕਾਰਨ ਇਹ ਫੈਸਲਾ ਲੈਣਾ ਪਿਆ ਹੈ। ਇਸ ਫੈਸਲੇ ਕਾਰਨ ਯੂਨੀਅਨ ਅਤੇ ਗੈਰ-ਯੂਨੀਅਨ ਕਾਮਿਆਂ ‘ਤੇ ਅਸਰ ਪੈ ਸਕਦਾ ਹੈ। ਇਸ ਸਬੰਧੀ ਐਡਮਿੰਟਨ ਏਅਰਪੋਟਰਜ਼ ਨੇ ਕਮਿਆਂ ਦੀ ਯੂਨੀਅਨ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਸਟਾਫ਼ ਵਿਚ ਕਟੌਤੀ 30 ਜੂਨ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ।
ਐਡਮਿੰਟਨ ਏਅਰਪੋਰਟ ਦੇ ਪ੍ਰਧਾਨ ਅਤੇ ਸੀ.ਈ.ਓ. ਟੌਮ ਰੂਥ ਨੇ ਇੱਕ ਬਿਆਨ ਵਿਚ ਕਿਹਾ ਕਿ ਕੋਵਿਡ-19 ਮਹਾਂਮਾਰੀ d/ ਦੇ ਲੌਕਡਾਊਨ ਕਾਰਨ ਐਡਮਿੰਟਨ ਹਵਾਈ ਅੱਡੇ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਮਜ਼ਬੂਰਨ ਸਾਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ ਅਤੇ ਸਾਨੂੰ ਇਸ ਦਾ ਅਫ਼ਸੋਸ ਵੀ ਹੈ। ਟੌਮ ਨੇ ਕਿਹਾ ਕੋਵਿਡ-19 ਕਾਰਨ ਪਏ ਘਾਟੇ ਨੂੰ ਪੂਰਾ ਕਰਨ ਲਈ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਰਿਹਾ ਕਿਉਂਕਿ ਇਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਲੱਗਭਗ ਨਾ-ਮਾਤਰ ਹੀ ਰਹਿ ਗਈ ਹੈ। ਪਿਛਲੇ ਸਾਲ ਹੁਣ ਤੱਕ ਇਥੇ 8.19 ਮਿਲੀਅਨ ਯਾਤਰੀ ਪਹੁੰਚੇ ਸਨ ਅਤੇ ਇਸ ਸਾਲ ਹੁਣ ਤੱਕ ਸਿਰਫ਼ 2.7 ਮਿਲੀਅਨ। ਉਨ੍ਹਾਂ ਇਹ ਵੀ ਦੱਸਿਆ ਕਿ ਕਾਮਿਆਂ ਦੀ ਨੂੰ ਸਵੈ-ਇਛੁੱਤ ਛੁੱਟੀ ਅਤੇ ਸਵੈਇਛੱਤ ਰਿਟਾਇਰਮੈਂਟ ਦੀ ਪੇਸ਼ਕਸ਼ ਵੀ ਕੀਤੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com