ਹਰਦਮ ਮਾਨ
ਸਰੀ, 9 ਜਨਵਰੀ 2020 - ਮਹਾਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ ਦਿਨ 'ਤੇ 11 ਜਨਵਰੀ ਨੂੰ ਗ਼ਦਰ ਲਹਿਰ ਦੇ ਕੈਨੇਡਾ ਦੇ ਮਹਾਨ ਯੋਧਿਆਂ ਅਤੇ ਹੋਰਨਾਂ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਪਹਿਲੀ ਵਾਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਕੈਨੇਡਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਸਮੇਤ ਸਮੂਹ ਸੰਗਤਾਂ ਵੱਲੋਂ ਕੀਤੇ ਉਪਰਾਲਿਆਂ ਸਦਕਾ ਸ਼ਰੋਮਣੀ ਕਮੇਟੀ ਗ਼ਦਰੀ ਯੋਧਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਕ ਵਿਸ਼ੇਸ਼ ਸਮਾਗਮ 11 ਜਨਵਰੀ 2020 ਨੂੰ ਸਵੇਰੇ 11ਵਜੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਆਰੰਭ ਹੋਵੇਗਾ ਅਤੇ ਤਸਵੀਰਾਂ ਸੁਸ਼ੋਭਿਤ ਕੀਤੇ ਜਾਣ ਮਗਰੋਂ ਭਾਈ ਗੁਰਦਾਸ ਹਾਲ ਵਿਖੇ ਕੈਨੇਡਾ ਦੇ ਮਹਾਨ ਗ਼ਦਰੀ ਯੋਧਿਆਂ ਨੂੰ ਸਮਰਪਿਤ ਕੌਮਾਂਤਰੀ ਸਮਾਗਮ ਹੋਵੇਗਾ।
ਇਸ ਮੌਕੇ ਜਿਨ੍ਹਾਂ ਮਹਾਨ ਗ਼ਦਰੀ ਯੋਧਿਆਂ ਅਤੇ ਸਨਮਾਨਯੋਗ ਸ਼ਖਸੀਅਤਾਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ, ਸ਼ਹੀਦ ਭਾਈ ਕਰਮ ਸਿੰਘ ਝਿੰਗੜ, ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਕੈਨੇਡਾ, ਭਾਈ ਬਤਨ ਸਿੰਘ ਕਾਹਰੀ ਕੈਨੇਡਾ, ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਕੈਨੇਡਾ, ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ ਕੈਨੇਡਾ, ਸ਼ਹੀਦ ਭਾਈ ਜਗਤ ਸਿੰਘ ਸੁਰ ਸਿੰਘ ਵਾਲਾ ਕੈਨੇਡਾ, ਸ਼ਹੀਦ ਭਾਈ ਜਵੰਦ ਸਿੰਘ ਨੰਗਲ ਕਲਾਂ ਕੈਨੇਡਾ, ਭਾਈ ਕਰਤਾਰ ਸਿੰਘ ਚੰਦ ਨਵਾਂ ਕੈਨੇਡਾ, ਸ਼ਹੀਦ ਭਾਈ ਰਾਮ ਸਿੰਘ ਧਲੇਤਾ ਕੈਨੇਡਾ, ਸ਼ਹੀਦ ਭਾਈ ਉਤਮ ਸਿੰਘ ਹਾਂਸ ਕੈਨੇਡਾ, ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ ਕੈਨੇਡਾ, ਸ਼ਹੀਦ ਭਾਈ ਕਰਮ ਸਿੰਘ ਬੱਬਰ ਦੌਲਤਪੁਰ ਕੈਨੇਡਾ, ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਕੈਨੇਡਾ, ਭਾਈ ਸਫਾ ਸਿੰਘ ਬਿਲਗਾ ਕੈਨੇਡੀਅਨ, ਬੀਬੀ ਹਰਨਾਮ ਕੌਰ ਕੈਨੇਡਾ, ਪ੍ਰਿੰਸੀਪਲ ਸੰਤ ਤੇਜਾ ਸਿੰਘ ਮਸਤੂਆਣਾ ਕੈਨੇਡਾ ਅਤੇ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸ਼ਾਮਲ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦੂਜੇ ਪੜਾਅ ਵਿੱਚ ਹੋਰ ਗਦਰੀ ਬਾਬਿਆਂ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਹੋਣਗੀਆਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com