ਬਲਜਿੰਦਰ ਸੇਖਾ
ਟੋਰਾਂਟੋ, 6 ਮਈ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਕੈਨੇਡਾ ਦੀ ਖੇਤੀਬਾੜੀ ਇੰਡਸਟਰੀ ਉੱਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ 252 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭਾਵੇਂ ਇਹ ਐਲਾਨੀ ਗਈ ਰਕਮ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ ਵੱਲੋਂ ਪਿਛਲੇ ਮਹੀਨੇ 216 ਬਿਲੀਅਨ ਡਾਲਰ ਦੀ ਮਦਦ ਲਈ ਕੀਤੀ ਗਈ ਅਪੀਲ ਤੋਂ ਕਿਤੇ ਘੱਟ ਹੈ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਰਕਮ ਤਾਂ ਸ਼ੁਰੂਆਤ ਹੈ।
ਟਰੂਡੋ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਕੈਨੇਡਾ ਦੇ ਕਿਸਾਨਾਂ ਦੇ ਮਨਾਂ ਵਿੱਚ ਅਜੇ ਵੀ ਕਈ ਕਿਸਮ ਦੇ ਤੌਖਲੇ ਹਨ ਤੇ ਇਸ ਮਹਾਂਮਾਰੀ ਦੇ ਲੰਮੇਂ ਸਮੇਂ ਤੱਕ ਰਹਿਣ ਵਾਲੇ ਅਸਰ ਤੋਂ ਉਹ ਵੀ ਚਿੰਤਤ ਹਨ। ਪਰ ਸਰਕਾਰ ਲੰਮੇਂ ਸਮੇਂ ਤੱਕ ਕੀਤੇ ਜਾ ਸਕਣ ਵਾਲੇ ਹੱਲ ਲਈ ਹਰ ਸਬੰਧਤ ਵਿਅਕਤੀ ਨਾਲ ਸਲਾਹ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅਜੇ ਇਹ ਸ਼ੁਰੂਆਤੀ ਨਿਵੇਸ਼ ਹੈ ਤੇ ਜੇ ਸਾਨੂੰ ਹੋਰ ਰਕਮ ਦੇਣ ਦੀ ਲੋੜ ਪਈ ਤਾਂ ਅਸੀਂ ਦੇਵਾਂਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਈਰਸ ਕਾਰਨ ਕਿਸਾਨਾਂ ਤੇ ਸਪਲਾਇਰਜ਼ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।