ਹਰਦਮ ਮਾਨ
ਸਰੀ, 16 ਮਾਰਚ 2020 - ਬੀਸੀ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਉਪਰਾਲੇ ਤਹਿਤ ਕੈਨੇਡਾ ਦੀ ਸਾਹਿਤਕ ਅਤੇ ਸੱਭਿਅਚਾਰਕ ਸਰਗਰਮੀਆਂ ਦੀ ਪ੍ਰਮੁੱਖ ਸੰਸਥਾ ਪੰਜਾਬ ਭਵਨ ਸਰੀ ਵੱਲੋਂ ਵੀ ਭਵਨ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਮਾਰਚ ਅਤੇ ਅਪ੍ਰੈਲ ਮਹੀਨੇ ਲਈ ਤਬਦੀਲ ਕਰ ਦਿੱਤੀ ਗਈ ਹੈ।
ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਮਨੁੱਖੀ ਸਿਹਤ ਲਈ ਮੌਜੂਦਾ ਹਾਲਾਤ ਸਾਜ਼ਗਾਰ ਨਹੀਂ ਹਨ ਅਤੇ ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣਾ ਹਰ ਕੈਨੇਡੀਅਨ ਦਾ ਫਰਜ਼ ਹੈ। ਪੰਜਾਬ ਭਵਨ ਦਾ ਤਾਂ ਉਦੇਸ਼ ਹੀ ਮਾਨਵਤਾ ਦੀ ਭਲਾਈ ਹਿਤ ਕਾਰਜ ਕਰਨਾ ਹੈ ਅਤੇ ਇਸ ਲਈ ਭਵਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਮਾਰਚ ਦੇ ਅਗਲੇ ਦਿਨਾਂ ਦੌਰਾਨ ਅਤੈ ਅਪ੍ਰੈਲ ਮਹੀਨੇ ਦੌਰਾਨ ਪੰਜਾਬ ਭਵਨ ਵਿਚ ਹੋਣ ਵਾਲੀਆਂ ਸਾਰੀਆਂ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਫਿਲਹਾਲ ਮੁਲਤਵੀ ਕੀਤੀਆਂ ਜਾਣ।
ਬਾਠ ਨੇ ਕਿਹਾ ਕਿ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਭਵਨ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਰਗਰਮ ਰਹੇ ਅਤੇ ਹਾਲਾਤ ਅਨੁਸਾਰ ਆਪਣਾ ਕਾਰਜ ਵੀ ਕਰਦਾ ਰਹੇ। ਮੌਜੂਦਾ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਪੰਜਾਬ ਭਵਨ ਵੱਲੋਂ ਆਉਂਦੇ ਦਿਨਾਂ ਵਿਚ ਇਕ ਹਫਤਾਵਾਰੀ ਪ੍ਰੋਗਰਾਮ “ਮਹਿਫ਼ਲ ਸ਼ਾਇਰਾਂ ਦੀ” ਸ਼ੂਰੂ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ”ਸਾਂਝਾ ਟੀ ਵੀ”, ਯੂ ਟਿਊਬ ਚੈਨਲ ਅਤੇ ਫੇਸਬੁੱਕ ਲਾਈਵ ਉੱਪਰ ਲਾਈਵ ਦੇਖਿਆ, ਸੁਣਿਆ ਜਾ ਸਕੇਗਾ। ਇਸ ਤਰ੍ਹਾਂ ਪੰਜਾਬ ਭਵਨ ਕੈਨੇਡਾ ਦੀ ਸਾਂਝ ਦੁਨੀਆਂ ਭਰ ਵਿੱਚ ਬੈਠੇ ਸਾਹਿਤਕ ਭਾਈਚਾਰੇ ਨਾਲ ਬਣੀ ਰਹੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁੱਖੀ ਬਾਠ ਨਾਲ ਫੋਨ ਨੰਬਰ 604-580-1000 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com