ਹਰਦਮ ਮਾਨ
ਸਰੀ, 30 ਮਾਰਚ 2020 - ਬੀ.ਸੀ. ਵਿਚ ਐਤਵਾਰ ਨੂੰ 16 ਅਤੇ ਸੋਮਵਾਰ ਨੂੰ 70 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 970 ਹੋ ਗਈ ਹੈ ਅਤੇ ਇਕ ਵਿਅਕਤੀ ਦੀ ਮੌਤ ਆਪਣੇ ਘਰ ਵਿਚ ਹੋ ਗਈ ਹੈ।
ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੈਨਕੂਵਰ ਵਿਚ ਵਾਇਰਸ ਨਾਲ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਹੁਣ ਤੱਕ 19 ਵਿਅਕਤੀ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਡਾ. ਹੈਨਰੀ ਨੇ ਇਹ ਵੀ ਦੱਸਿਆ ਕਿ ਸੂਬੇ ਵਿਚ ਹੁਣ ਤੱਕ 48 ਪ੍ਰਤੀਸ਼ਤ ਪੀੜਤ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਿਨ੍ਹਾਂ ਵਿਚ 70 ਤੋਂ ਵੱਧ ਮਰੀਜ਼ ਉਹ ਹਨ ਜੋ ਆਈਸੀਯੂ ਵਿਚ ਸਨ।
ਤਾਜ਼ਾ ਸਥਿਤੀ ਅਨੁਸਾਰ 106 ਮਰੀਜ਼ ਹਸਪਤਾਲਾਂ ਵਿਚ ਜ਼ੇਰੇ-ਇਲਾਜ ਹਨ, ਜਿਨ੍ਹਾਂ ਵਿੱਚੋਂ 60 ਵਿਅਕਤੀ ਆਈਸੀਯੂ ਵਿਚ ਹਨ। ਸੂਬੇ ਵਿਚ ਹਰ ਰੋਜ਼ 3500 ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।
ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਬੀਸੀ ਵਿਚ 19 ਹਸਪਤਾਲਾਂ ਵਿਚ ਇਸ ਵਾਇਰਸ ਦੇ ਮਰੀਜ਼ਾਂ ਲਈ 4,233 ਬੈਂਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੂਬੇ ਵਿਚ 1 ਅਪ੍ਰੈਲ ਤੋਂ ਸਾਰੇ ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਲਈ ਪਾਰਕਿੰਗ ਮੁਫ਼ਤ ਕਰ ਦਿੱਤੀ ਗਈ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com