ਕੈਨੇਡਾ: ਬੀਸੀ ਵਿਚ ਕੋਰੋਨਾ ਵਾਇਰਸ ਦੇ 74 ਨਵੇਂ ਕੇਸ-ਇਕ ਮੌਤ
ਹਰਦਮ ਮਾਨ
ਸਰੀ, 22 ਮਾਰਚ 2020-ਬ੍ਰਿਟਿਸ਼ ਕੋਲੰਬੀਆ ਦੇ ਸੂਬਾਈ ਹੈਲਥ ਅਫਸਰ ਡਾ. ਬੋਨੀ ਹੈਨਰੀ ਨੇ ਬੀਸੀ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸਾਰੇ ਸਪਾਅ ਸੈਂਟਰ, ਸੈਲੂਨ, ਟੈਟੂ ਪਾਰਲਰ ਅਤੇ ਮਸਾਜ ਪਾਰਲਰ ਬੰਦ ਕਰਨ ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਵਿਚ ਸਮਾਜਕ ਦੂਰੀ ਬਣਾਈ ਰੱਖਣਾ ਸੰਭਵ ਨਹੀਂ ਹੈ।
ਸੂਬੇ ਦੀ ਤਾਜ਼ਾ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 74 ਨਵੇਂ ਪੀੜਤਾਂ ਦਾ ਪਤਾ ਲੱਗਿਆ ਹੈ ਅਤੇ ਇਕ ਪੀੜਤ ਦੀ ਮੌਤ ਹੋ ਗਈ ਹੈ। ਸੂਬੇ ਵਿਚ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਕੁੱਲ ਗਿਣਤੀ 424 ਹੋ ਗਈ ਹੈ ਅਤੇ ਹੁਣ ਤੱਕ 10 ਮਰੀਜ਼ ਮੌਤ ਦੀ ਬੁੱਕਲ ਵਿਚ ਜਾ ਚੁੱਕੇ ਹਨ।
ਡਾ. ਹੈਨਰੀ ਨੇ ਕਿਹਾ ਕਿ ਇਸ ਹਫਤੇ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਇਸ ਕਰਕੇ ਵੀ ਹੋਇਆ ਹੈ ਕਿ ਸੂਬੇ ਵਿਚ ਟੈਸਟ ਕੀਤੇ ਜਾ ਰਹੇ ਕੇਸਾਂ ਵਿਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਸਮਰੱਥਾ ਵਿੱਚ ਵਾਧਾ ਜਾਰੀ ਹੈ ਅਤੇ ਹਜਾਰਾਂ ਮਾਮਲਿਆਂ ਦੀ ਜਾਂਚ ਹੋ ਰਹੀ ਹੈ।
ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਮੌਜੂਦਾ ਹਾਲਾਤ ਅਸਲ ਵਿੱਚ ਸਾਡੇ ਸਾਰਿਆਂ ਲਈ ਵਿਅਕਤੀਗਤ ਤੌਰ ਤੇ ਅਤੇ ਸਮੂਹਿਕ ਰੂਪ ਵਿੱਚ ਸਮੇਂ ਦੀ ਸਭ ਤੋਂ ਵੱਡੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿਹਤ ਅਧਿਕਾਰੀਆਂ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦੀ ਪਾਲਣਾ ਕਰਨਾ ਹਰ ਕਿਸੇ ਲਈ ਬੇਹੱਦ ਜ਼ਰੂਰੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co