ਕੈਨੇਡਾ: ਬੀਸੀ ਵਿਚ ਕੋਵਿਡ ਕੇਸਾਂ ਦੀ ਗਿਣਤੀ 1490 ਹੋਈ-69 ਮੌਤਾਂ
ਹਰਦਮ ਮਾਨ
ਸਰੀ, 14 ਅਪ੍ਰੈਲ 2020- ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ 48 ਘੰਟਿਆਂ ਦੌਰਾਨ ਕੋਵਿਡ-19 ਦੇ 45 ਨਵੇਂ ਕੇਸ ਸਾਹਮਣੇ ਆਏ ਹਨ ਅਤੇ 11 ਮੌਤਾਂ ਹੋਈਆਂ ਹਨ। ਸੂਬੇ ਵਿਚ ਹੁਣ ਇਸ ਮਰਜ਼ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 1490 ਹੋ ਗਈ ਹੈ ਜਿਨ੍ਹਾਂ ਵਿੱਚੋਂ 926 ਜਣੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਹੁਣ ਤੱਕ ਪੁਸ਼ਟੀ ਹੋਏ ਕੇਸਾਂ ਵਿੱਚੋਂ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ 650, ਫਰੇਜ਼ਰ ਹੈਲਥ ਖੇਤਰ ਵਿੱਚ 591, ਵੈਨਕੂਵਰ ਆਈਲੈਂਡ ਹੈਲਥ ਖੇਤਰ ਵਿੱਚ 87, ਇੰਟੀਰੀਅਰ ਹੈਲਥ ਰੀਜਨ ਵਿਚ 136 ਅਤੇ ਨਾਰਦਰਨ ਹੈਲਥ ਰੀਜਨ ਵਿੱਚ 26 ਕੇਸ ਹਨ। ਇਸ ਵੇਲੇ 137 ਮਰੀਜ਼ ਹਸਪਤਾਲਾਂ ਵਿਚ ਦਾਖਲ ਹਨ ਅਤੇ ਇਨ੍ਹਾਂ ਵਿੱਚੋਂ 58 ਆਈਸੀਯੂ ਵਿਚ ਇਲਾਜ ਅਧੀਨ ਹਨ। ਸੂਬੇ ਵਿਚ ਕੁੱਲ 69 ਮੌਤਾਂ ਹੋਈਆਂ ਹਨ।
ਡਾ. ਬੋਨੀ ਹੈਨਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵੱਲੋਂ ਇਸ ਲੌਂਗ ਵੀਕ-ਇੰਡ ਵਿੱਚ ਘਰ ਰਹਿਣ ਅਤੇ ਇਕ ਦੂਜੇ ਤੋਂ ਦੂਰ ਰਹਿਣ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਾਪਸ ਆਉਣ ਵਾਲੇ ਯਾਤਰੀਆਂ ਲਈ ਬਾਰਡਰ ਕੰਟਰੋਲ ਪ੍ਰਬੰਧ ਪੂਰੀ ਤਰ੍ਹਾਂ ਸਖਤ ਕੀਤੇ ਗਏ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯਾਤਰੀ 14 ਦਿਨਾਂ ਲਈ ਸੈਲਫ-ਆਈਸੋਲੇਟ ਰੱਖਣ ਦੀ ਜ਼ਰੂਰਤ ਪੂਰੀ ਕਰਦਾ ਹੋਵੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com