ਕੈਨੇਡਾ: ਬੀਸੀ ਵਿਚ ਦੋ ਦਿਨਾਂ ਦੌਰਾਨ 145 ਨਵੇਂ ਮਰੀਜ਼ਾਂ ਦੀ ਪਛਾਣ – ਕੁੱਲ ਗਿਣਤੀ 617 ਹੋਈ
ਹਰਦਮ ਮਾਨ
ਸਰੀ, 25 ਮਾਰਚ 2020 - ਬੀਸੀ ਵਿਚ 23 ਮਾਰਚ ਨੂੰ 67 ਅਤੇ 24 ਮਾਰਚ ਨੂੰ 78 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਸੂਬੇ ਵਿਚ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 617 ਤੱਕ ਪਹੁੰਚ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਬੀ ਸੀ ਵਿੱਚ ਹੁਣ ਤੱਕ 59 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ 23 ਪੀੜਤ ਆਈਸੀਯੂ ਵਿੱਚ ਜ਼ੇਰੇ-ਇਲਾਜ ਹਨ ਅਤੇ 173 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਗਏ ਹਨ।
ਕੁੱਲ ਪੀੜਤਾਂ ਵਿਚੋਂ 330 ਵੈਨਕੂਵਰ ਕੋਸਟਲ ਹੈਲਥ ਏਰੀਆ ਵਿਚ, 194 ਫਰੇਜ਼ਰ ਸਿਹਤ ਖੇਤਰ ਵਿਚ, 44 ਵੈਨਕੂਵਰ ਆਈਲੈਂਡ ਹੈਲਥ ਏਰੀਆ ਵਿਚ, 41 ਇੰਟਰਨਲ ਹੈਲਥ ਏਰੀਆ ਵਿਚ ਅਤੇ 9 ਉੱਤਰੀ ਸਿਹਤ ਖੇਤਰ ਵਿਚ ਹਨ।
ਡਾ. ਹੈਨਰੀ ਨੇ ਕਿਹਾ ਕਿ ਇਸ ਸਮੇਂ ਜੋ ਰੁਝਾਨ ਚੱਲ ਰਿਹਾ ਹੈ, ਉਹ ਬੀਸੀ ਵਾਸੀਆਂ ਲਈ ਕਾਫੀ ਜ਼ੋਖ਼ਮ ਭਰਿਆ ਹੈ। ਸੂਬੇ ਵਿੱਚ ਹਰ ਇਕ ਵਿਅਕਤੀ ਨੂੰ ਸੁਚੇਤ ਹੋਣ ਦੀ ਸਖਤ ਜ਼ਰੂਰਤ ਹੈ ਕਿਉਂਕਿ ਇਹ ਵਾਇਰਸ ਬਹੁਤ ਘੱਟ ਲੱਛਣਾਂ ਨਾਲ ਫੈਲ ਸਕਦਾ ਹੈ।
ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਰੋਜ਼ਾਨਾ 3,500 ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਆਈ ਹੈ ਅਤੇ ਬੀ.ਸੀ. ਵਿਚ ਜਿੰਨੇ ਕ੍ਰਿਟੀਕਲ ਕੇਅਰ ਬੈਂਡ ਹਨ, ਉਨ੍ਹਾਂ ਵਿੱਚੋਂ 55.3% ਭਰ ਚੁੱਕੇ ਹਨ। ਜੇਕਰ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਰਹੀ ਤਾਂ ਅਗਲੇ ਕੁਝ ਹਫਤੇ ਬਹੁਤ ਮੁਸ਼ਕਲ ਭਰਪੂਰ ਹੋਣਗੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co