ਕੈਨੇਡਾ: ਬੀਸੀ ਵਿਚ 92 ਨਵੇਂ ਕੇਸਾਂ ਦੀ ਪੁਸ਼ਟੀ – ਕੁੱਲ ਗਿਣਤੀ 884 ਹੋਈ
ਹਰਦਮ ਮਾਨ
ਸਰੀ, 29 ਮਾਰਚ 2020-ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 92 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 884 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸੂਬਾਈ ਹੈਲਥ ਅਫਸਰ ਡਾ. ਬੋਨੀ ਹੈਨਰੀ ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ 81 ਪੀੜਤ ਵਿਅਕਤੀ ਹਸਪਤਾਲਾਂ ਵਿੱਚ ਦਾਖਲ ਹਨ ਅਤੇ 52 ਆਈਸੀਯੂ ਵਿਚ ਹਨ। ਸੁਖਾਵੀਂ ਖਬਰ ਇਹ ਹੈ ਕਿ ਹੁਣ ਤੱਕ 396 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ ਜੋ ਕੁੱਲ ਪੀੜਤਾਂ ਦਾ 45 ਪ੍ਰਤੀਸ਼ਤ ਹਨ।
ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਬੇਸ਼ੱਕ ਨਵੇਂ ਮਾਮਲਿਆਂ ਵਿੱਚ ਇਕ ਦਿਨ ਵਿਚ ਹੋਇਆ ਇਹ ਸਭ ਤੋਂ ਵੱਡਾ ਵਾਧਾ ਹੈ ਪਰ ਇਸ ਦੇ ਬਾਵਜੂਦ ਅਸੀਂ ਆਸ਼ਾਵਾਦੀ ਹਾਂ ਕਿ ਅਸੀਂ ਜਿਸ ਰਸਤੇ ਉੱਤੇ ਚੱਲ ਰਹੇ ਹਾਂ ਉਸ ਨਾਲ ਜਲਦੀ ਹੀ ਇਸ ਨੂੰ ਕੰਟਰੋਲ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਾਰਿਆਂ ਲਈ ਘਰਾਂ ਵਿਚ ਰਹਿਣਾ, ਸਮਾਜਿਕ ਦੂਰੀ ਦੀ ਪਾਲਣਾ ਨੂੰ ਜਾਰੀ ਰੱਖਣਾ ਇਸ ਮਹਾਂਮਾਰੀ ਨੂੰ ਕਾਬੂ ਕਰਨ ਲਈ ਮਹੱਤਵਪੂਰਨ ਹੈ।
ਸੂਬਾਈ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇਹ ਵੀ ਦੱਸਿਆ ਕਿ ਸੂਬੇ ਭਰ ਦੇ ਹਸਪਤਾਲਾਂ ਵਿੱਚ 4,295 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਿਹਤ ਅਧਿਕਾਰੀ ਹੋਰ ਬਿਸਤਰਿਆਂ ਦਾ ਵੀ ਇੰਤਜ਼ਾਮ ਕਰ ਰਹੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com