ਕੈਨੇਡਾ: ਬੀ.ਸੀ. ਵਿਚ ਕੋਰੋਨਾ ਵਾਇਰਸ ਦੇ 11 ਨਵੇਂ ਕੇਸ – ਕੁੱਲ ਗਿਣਤੀ ਹੋਈ 64
ਹਰਦਮ ਮਾਨ
ਸਰੀ, 14 ਮਾਰਚ 2020- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਿਛਲੇ ਚਾਰ ਦਿਨਾਂ ਵਿਚ ਹੀ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਬੀਸੀ ਦੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਇਸ ਸਬੰਧੀ ਨਵੀਂ ਅੱਪਡੇਟ ਦਿੰਦਿਆਂ ਦੱਸਿਆ ਹੈ ਕਿ ਕੋਵੀਡ -19 ਦੇ 11 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸੂਬੇ ਵਿਚ ਪੀੜਤਾਂ ਦੀ ਕੁੱਲ ਸੰਖਿਆ 64 ਹੋ ਗਈ ਹੈ।
ਨੌਰਥ ਵੈਨਕੂਵਰ ਦੇ ਲਾਇਨਜ਼ ਗੇਟ ਹਸਪਤਾਲ ਵਿਚ ਤਿੰਨ ਪ੍ਰਸ਼ਾਸਨਿਕ ਸਟਾਫ ਮੈਂਬਰਾਂ ਨੂੰ ਵੀ ਇਸ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।
ਅੱਜ ਐਲਾਨ ਕੀਤੇ ਗਏ ਨਵੇਂ ਕੇਸਾਂ ਵਿਚੋਂ 5 ਕੇਸ ਈਰਾਨ, ਮਿਸਰ, ਫਿਲਪੀਨਜ਼ ਅਤੇ ਮੈਕਸੀਕੋ ਦੀ ਯਾਤਰਾ ਨਾਲ ਸਬੰਧਤ ਹਨ ਅਤੇ ਇਕ ਨੌਰਥ ਵੈਨਕੂਵਰ ਵਿਚ ਲਿਨ ਵੈਲੀ ਕੇਅਰ ਸੈਂਟਰ ਵਿਚ ਚੱਲ ਰਹੇ ਪ੍ਰਕੋਪ ਨਾਲ ਜੁੜਿਆ ਹੋਇਆ ਹੈ। ਸਾਰੇ 11 ਨਵੇਂ ਕੇਸ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਹਨ।
ਡਾ. ਹੈਨਰੀ ਨੇ ਇਹ ਵੀ ਕਿਹਾ ਕਿ 250 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਰੱਦ ਕਰਨ ਦੀ ਪਿਛਲੀ ਸਿਫਾਰਸ਼ ਨੂੰ ਹੁਣ ਇੱਕ ਲਾਜ਼ਮੀ ਆਦੇਸ਼ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਕਨੇਡਾ ਤੋਂ ਬਾਹਰ ਜਾਣ ਲਈ ਗੈਰ-ਜ਼ਰੂਰੀ ਯਾਤਰਾ ਤੋਂ ਬਚਣ।
ਇਸ ਵੇਲੇ ਬੀ ਸੀ ਦੀ ਤਾਜ਼ਾ ਸਥਿਤੀ ਇਹ ਹੈ ਕਿ ਦੋ ਮਰੀਜ਼ ਹਸਪਤਾਲ ਵਿਚ ਗੰਭੀਰ ਦੇਖ ਭਾਲ ਵਿਚ ਇਲਾਜ ਕਰਵਾ ਰਹੇ ਹਨ, ਛੇ ਮਰੀਜ਼ ਠੀਕ ਹੋ ਗਏ ਹਨ ਅਤੇ ਬਾਕੀ ਆਪਣੇ ਘਰਾਂ ਵਿਚ ਇਕਾਂਤਵਾਸ ਵਿਚ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com