ਹਰਦਮ ਮਾਨ
ਸਰੀ, 26 ਮਾਰਚ 2020 - ਬੀਸੀ ਵਿਚ ਕੋਰੋਨਾ ਵਾਇਰਸ ਦੇ 42 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪੀੜਤਾਂ ਦੀ ਗਿਣਤੀ 659 ਹੋ ਗਈ ਹੈ। ਇਨ੍ਹਾਂ ਪੀੜਤਾਂ ਵਿਚ 55 ਸਿਹਤ-ਸੰਭਾਲ ਕਰਮਚਾਰੀ ਵੀ ਸ਼ਾਮਲ ਹਨ। ਉੱਤਰੀ ਵੈਨਕੂਵਰ ਦੇ ਲਿਨ ਵੈਲੀ ਕੇਅਰ ਸੈਂਟਰ ਵਿਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।
ਬੀਸੀ ਦੀ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਅੱਜ ਇਹ ਜਾਣਕਾਰੀ ਸਾਂਝੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਬੀਸੀ ਵਿਚ ਹੁਣ ਤੱਕ ਇਸ ਬਿਮਾਰੀ ਨਾਲ 14 ਮੌਤਾਂ ਹੋ ਚੁੱਕੀਆਂ ਹਨ। ਵੈਨਕੂਵਰ ਦੇ ਹੈਰੋ ਪਾਰਕ ਸੈਂਟਰ ਵਿਖੇ ਹਾਲਾਤ ਹੋਰ ਵੀ ਬਦਤਰ ਹੋ ਰਹੇ ਹਨ। ਇਸ ਸੈਂਟਰ ਵਿਚ ਰਹਿਣ ਵਾਲੇ 28 ਵਿਅਕਤੀ ਅਤੇ 27 ਸਟਾਫ ਮੈਂਬਰਾਂ ਦੇ ਟੈਸਟ ਪੋਜ਼ੇਟਿਵ ਆਏ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ ਵਿਚ 183 ਮਰੀਜ਼ ਇਸ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਹਨ।
ਡਾ. ਹੈਨਰੀ ਨੇ ਕਿਹਾ ਕਿ ਬੀ.ਸੀ. ਵਿਚ ਰੋਜ਼ਾਨਾ ਆ ਰਹੇ ਨਵੇਂ ਕੇਸਾਂ ਨੂੰ ਦੇਖਦਿਆਂ ਇਹ ਨਹੀਂ ਕਹਿ ਸਕਦੇ ਕਿ ਇਸ ਵਾਇਰਸ ਦਾ ਕਹਿਰ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਕੇਸਾਂ ਦੀ ਪੁਸ਼ਟੀ ਹੋਈ ਹੈ, ਉਹ ਅਸਲ ਵਿੱਚ ਪਿਛਲੇ ਦੋ ਤੋਂ 14 ਦਿਨ ਪਹਿਲਾਂ ਪ੍ਰਭਾਵਿਤ ਹੋਏ ਕੇਸ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com