ਹਰਦਮ ਮਾਨ
ਸਰੀ, 2 ਦਸੰਬਰ-21 ਨਵੰਬਰ ਨੂੰ ਸਰੀ ਦੇ ਇੱਕ ਘਰ ਵਿੱਚ ਮ੍ਰਿਤਕ ਪਾਈ ਗਈ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਪ੍ਰਭਲੀਨ ਮਠਾੜੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਤੇ ਔਰਤਾਂ ਵਿਰੁੱਧ ਹਿੰਸਾ ਅਤੇ ਮਾਨਸਿਕਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਹ ਇਥੇ ਹਾਲੈਂਡ ਪਾਰਕ ਵਿਚ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ ਗਿਆ। ਇਸ ਦਾ ਪ੍ਰਬੰਧ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਕਾਲਤ ਕਰ ਰਹੀ ਸੰਸਥਾ ਵਨ ਵੁਆਇਸ ਕੈਨੇਡਾ ਵੱਲੋਂ ਕੀਤਾ ਗਿਆ।
ਇਸ ਮੌਕੇ ਸਰੀ ਭਾਈਚਾਰੇ ਨੂੰ ਸੁਚੇਤ ਕਰਦਿਆਂ ਦਪਿੰਦਰ ਸਰਾਂ ਨੇ ਕਿਹਾ ਸਾਨੂੰ ਇਕੱਠੇ ਹੋ ਕੇ ਕੁਝ ਮੁਸ਼ਕਲ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਇਸ ਉਦੇਸ਼ ਦਾ ਸਮਰਥਨ ਕਰਨ ਵਾਲੇ ਭਾਈਚਾਰੇ ਦੀ ਅਸੀਂ ਸ਼ਲਾਘਾ ਕਰਾਂਗੇ, ਕਿਉਂਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਕ ਕਮਿਊਨਿਟੀ ਦੀ ਸਮੱਸਿਆ ਹੈ, ਸਿਰਫ ਇਕ ਪਰਿਵਾਰ ਦੀ ਨਹੀਂ।
ਸਰੀ ਵਿਚ ਆਪਣੇ ਪਰਿਵਾਰਾਂ ਜਾਂ ਭਾਈਵਾਲਾਂ ਦੀ ਹਿੰਸਾ ਕਾਰਨ ਦੱਖਣੀ ਏਸ਼ੀਆਈ ਭਾਈਚਾਰੇ ਦੀਆਂ ਔਰਤਾਂ ਵੱਲੋਂ ਆਪਣੀ ਜਾਨ ਗਵਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅੰਤਰਰਾਸ਼ਟਰੀ ਵਿਦਿਆਰਥਣ ਪ੍ਰਭਲੀਨ ਮਠਾੜੂ ਦੇ ਕਤਲ ਦੀ ਇਹ ਦੁਖਦਾਈ ਘਟਨਾ ਸਾਡੇ ਲਈ ਇਕ ਅਲਾਰਮ ਹੈ ਕਿ ਹੁਣ ਸਾਡੇ ਜਾਗਣ ਦਾ ਸਮਾਂ ਆ ਗਿਆ ਹੈ।
ਵਨ ਵਾਇਸ ਕਨੇਡਾ ਦੇ ਮੈਂਬਰ ਰਾਜਪ੍ਰੀਤ ਸੋਹਲ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਮਾਨਸਿਕ ਸਿਹਤ ਦੇ ਕੋਈ ਮਸਲੇ ਹਨ ਤਾਂ ਮਦਦ ਮੰਗਣ ਤੋਂ ਸੰਕੋਚ ਨਾ ਕਰੋ।