- ਔਸਤਨ 29 ਬੰਦੇ ਰੋਜ਼ਾਨਾ ਚੜ੍ਹ ਰਹੇ ਹਨ ਕੋਰੋਨਾ ਦੀ ਭੇਂਟ
ਹਰਦਮ ਮਾਨ
ਸਰੀ, 30 ਅਕਤੂਬਰ 2020-ਕੈਨੇਡਾ ਵਿਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕਈਂ ਸੂਬਿਆਂ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇੰਟੈਂਸਿਵ ਕੇਅਰ ਡਾਕਟਰ ਇਸ ਸਬੰਧੀ ਚਿੰਤਤ ਹਨ ਕਿ ਬਹੁਤ ਸਾਰੇ ਲੋਕ ਦੁਬਾਰਾ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਕੈਨੇਡਾ ਦੀ ਚੀਫ ਮੈਡੀਕਲ ਅਫਸਰ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਫੇਸ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਰੱਖਣ ਦੇ ਉਪਾਅ ਹਰ ਹਾਲਤ ਵਿਚ ਲਾਗੂ ਕੀਤੇ ਜਾਣ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮਹਾਂਮਾਰੀ ਨੂੰ ਕੌਮੀ ਦੁਖਾਂਤ ਦਾ ਦਰਜਾ ਦਿੱਤਾ ਹੈ ਅਤੇ ਕੈਨੇਡੀਅਨਾਂ ਨੂੰ ਇਸ ਤੋਂ ਵੀ ਮਾੜੇ ਹਾਲਾਤ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ| ਉਨ੍ਹਾਂ ਕਿਹਾ ਹੈ ਕਿ ਬੇਹੱਦ ਦੁੱਖ ਦੀ ਗੱਲ ਹੈ ਕਿ ਇਸ ਮਹਾਂਮਾਰੀ ਦੌਰਾਨ ਕਈ ਪਰਿਵਾਰ ਆਪਣੇ ਪਿਆਰਿਆਂ ਨੂੰ ਹਮੇਸ਼ਾ ਲਈ ਗੁਆ ਚੁੱਕੇ ਹਨ ਅਤੇ ਕੈਨੇਡੀਅਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਵਰਨਣਯੋਗ ਹੈ ਕਿ ਅਪਰੈਲ ਤੇ ਮਈ ਮਹੀਨਿਆਂ ਵਿੱਚ ਕੈਨੇਡਾ ਵਿਚ ਇਸ ਵਾਇਰਸ ਕਰਾਨ ਮੌਤਾਂ ਦੀ ਗਿਣਤੀ ਏਨੀ ਜ਼ਿਆਦਾ ਨਹੀਂ ਸੀ ਪਰ ਪਿਛਲੇ ਮਹੀਨੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ। ਅਕਤੂਬਰ ਮਹੀਨੇ ਵਿੱਚ ਹੀ 600 ਲੋਕ ਆਪਣੀ ਜ਼ਿੰਗਦੀ ਗੁਆ ਚੁੱਕੇ ਹਨ ਜਦੋਂ ਕਿ ਸਤੰਬਰ ਵਿੱਚ ਇਹ ਅੰਕੜਾ 165 ਸੀ। ਕੈਨੇਡਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਉਪਰ ਹੋ ਗਈ ਹੈ ਅਤੇ ਪੀੜਤਾਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਪੁੱਜ ਗਈ ਹੈ। ਸਥਿਤੀ ਇਹ ਹੈ ਕਿ ਹਰ ਰੋਜ਼ ਕੈਨੇਡਾ ਵਿਚ ਔਸਤਨ 29 ਜਣੇ ਕੋਰੋਨਾ ਦੀ ਭੇਂਟ ਚੜ੍ਹ ਰਹੇ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਵੀਰਵਾਰ ਨੂੰ ਕੋਵਿਡ-19 ਦੇ 234 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ 80 ਸਾਲਾ ਔਰਤ ਦੀ ਮੌਤ ਹੋਈ ਹੈ, ਜੋ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਕਿ ਇਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕਾਂ ਦੇ ਟੈਸਟ ਪੌਜੋਟਿਵ ਆਏ ਹਨ।
ਡਾ. ਹੈਨਰੀ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਬੀ.ਸੀ. ਦੀਆਂ ਕਿੰਨੀਆਂ ਨਵੀਆਂ ਲਾਗਾਂ ਦਾ ਸਿੱਧਾ ਸਬੰਧ ਪ੍ਰਾਈਵੇਟ ਘਰਾਂ ਵਿੱਚ ਕੀਤੇ ਮੇਜ਼ਬਾਨੀ ਸਮਾਜਿਕ ਇਕੱਠਾਂ ਨਾਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੈਲੋਵੀਨ ਮੌਕੇ ਪਾਰਟੀਆਂ ਨਾ ਕਰਨ ਅਤੇ ਰਸਮੀ ਤੌਰ ਤੇ ਪਾਰਟੀਆਂ ਤੇ ਜ਼ਿਆਦਾ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਯਾਦ ਦਿਵਾਇਆ ਕਿ ਘਰਾਂ ੳਚ ਕੀਤੀਆਂ ਜਾਣ ਵਾਲੀਆਂ ਪਾਰਟੀਆਂ ਵਿਚ ਵੀ 6 ਤੋਂ ਜ਼ਿਆਦਾ ਬੰਦੇ ਇਕੱਠੇ ਨਾ ਕੀਤੇ ਜਾਣ ਅਤੇ ਕੋਵਿਡ-19 ਹਦਾਇਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਇਸੇ ਦੌਰਾਨ ਓਂਟਾਰੀਓ ਦੇ ਨਵੇਂ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਕੋਵਿਡ-19 ਦੇ 934 ਨਵੇਂ ਕੇਸ ਸਾਹਮਣੇ ਆਏ, ਟੋਰਾਂਟੋ ਵਿੱਚ 420, ਪੀਲ ਖੇਤਰ ਵਿੱਚ 169, ਯੌਰਕ ਖੇਤਰ ਵਿੱਚ 95 ਅਤੇ ਓਟਾਵਾ ਵਿੱਚ 58 ਕੇਸ ਦਰਜ ਕੀਤੇ ਗਏ ਹਨ। ਸੂਬੇ ਭਰ ਦੇ ਹਸਪਤਾਲਾਂ ਵਿਚ 322 ਪੀੜਤ ਦਾਖ਼ਲ ਹਨ ਅਤੇ ਇਨ੍ਹਾਂ ਵਿੱਚੋਂ 77 ਆਈਸੀਯੂ ਵਿਚ ਜ਼ੇਰੇ-ਇਲਾਜ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com