ਹਰਦਮ ਮਾਨ
ਸਰੀ, 3 ਅਪ੍ਰੈਲ 2020 - ਕੈਨੇਡਾ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦਿਨ ਬ ਦਿਨ ਆਪਣੇ ਪੈਰ ਤੇਜ਼ੀ ਨਾਲ ਪਾਸਾਰ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਸ ਕਹਿਰ ਤੋਂ ਪੀੜਤ ਲੋਕਾਂ ਦੀ ਗਿਣਤੀ 11266 ਤੱਕ ਪਹੁੰਚ ਗਈ ਹੈ ਅਤੇ 138 ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਸੂਬੇ ਇਸ ਵਾਇਰਸ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਕ੍ਰਮਵਾਰ 2793, 1121 ਅਤੇ 5518 ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਓਨਟਾਰੀਓ ਵਿਚ 401, ਬੀਸੀ ਵਿਚ 55, ਕਿਊਬਿਕ ਵਿਚ 901 ਅਲਬਰਟਾ ਵਿਚ 97 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੈਨੇਡਾ ਭਰ ਵਿਚ 1552 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।
ਬੀਸੀ ਦੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਦੇ ਅਨੁਸਾਰ, ਬੀ ਸੀ ਵਿੱਚ ਕੋਵਿਡ-19 ਦੇ 6 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 31 ਹੋ ਗਈ ਹੈ। ਇਸ ਸਮੇਂ 149 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 68 ਆਈਸੀਯੂ ਵਿਚ ਦੇਖਭਾਲ ਅਧੀਨ ਹਨ। ਦੂਜੇ ਪਾਸੇ ਸੂਬੇ ਵਿਚ 641 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ।
ਇਸੇ ਦੌਰਾਨ ਕੋਰੋਨਾ ਵਾਇਰਸ ਦਾ ਕਹਿਰ ਨਿਤ ਦਿਨ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਨਿਗਲ ਰਿਹਾ ਹੈ। ਵੱਡੇ ਗਿਣਤੀ ਵਿਚ ਵਰਕਰ ਨੌਕਰੀਆਂ ਤੋਂ ਵਿਹਲੇ ਕੀਤੇ ਜਾ ਰਹੇ ਹਨ। ਵੈਨਕੂਵਰ ਦੇ ਸਿਟੀ ਨੇ ਅੱਜ 1500 ਵਰਕਰਾਂ ਦੀ ਛੁੱਟੀ ਕਰ ਦਿੱਤੀ ਹੈ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਕਮਿਊਨਿਟੀ ਸੈਂਟਰਾਂ, ਲਾਇਬ੍ਰੇਰੀਆਂ ਅਤੇ ਥੀਏਟਰਾਂ ਦੇ ਕਾਮੇ ਸ਼ਾਮਲ ਹਨ।
ਸਰੀ ਸਿਟੀ ਨੇ ਮਨੋਰੰਜਨ ਕੇਂਦਰਾਂ, ਲਾਇਬ੍ਰੇਰੀਆਂ, ਆਈਸ ਰਿੰਕਸ, ਅਜਾਇਬ ਘਰਾਂ, ਸਭਿਆਚਾਰਕ ਕੇਂਦਰਾਂ ਅਤੇ ਤਲਾਬਾਂ 'ਤੇ ਕੰਮ ਕਰ ਰਹੇ 1,900 ਪਾਰਟ ਟਾਈਮ ਕਾਮਿਆਂ ਅਤੇ ਸਹਾਇਕ ਸਟਾਫ ਮੈਂਬਰਾਂ, ਅਤੇ 140 ਰੈਗੂਲਰ ਸਟਾਫ ਮੈਂਬਰਾਂ ਨੂੰ ਫਾਰਗ ਕਰ ਦਿੱਤਾ ਹੈ।
ਡੈਲਟਾ ਵਿੱਚ, 500 ਸਹਾਇਕ ਅਤੇ ਪਾਰਟ ਟਾਈਮ ਵਰਕਰਾਂ ਨੌਕਰੀ ਵੀ ਖੁੱਸ ਗਈ ਹੈ, ਇਨ੍ਹਾਂ ਵਿੱਚੋਂ 90 ਪ੍ਰਤੀਸ਼ਤ ਵਰਕਰ ਹੁਣ ਬੰਦ ਪਏ ਕਮਿਊਨਿਟੀ ਸੈਂਟਰਾਂ ਵਿੱਚ ਕੰਮ ਕਰਦੇ ਸਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com