ਗੌਰਮਿੰਟ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਮਨਾਇਆ ਕਾਲਜ ਦਾ ਸ਼ਤਾਬਦੀ ਸਮਾਰੋਹ
ਬਲਜੀਤ ਸਿੰਘ ਸਿਕੰਦ ਅਤੇ ਰਣਜੋਧ ਸਿੰਘ ਧਾਲੀਵਾਲ ਦਾ ਸਨਮਾਨ
ਹਰਦਮ ਮਾਨ
ਸਰੀ, 22 ਨਵੰਬਰ- ਸੀ.ਐਸ.ਡੀ. ਗੌਰਮਿੰਟ ਕਾਲਜ ਲੁਧਿਆਣਾ (ਬੁਆਏਜ਼ ਐਂਡ ਗਰਲਜ਼) ਦੇ ਸਾਬਕਾ ਵਿਦਿਆਰਥੀਆਂ ਵੱਲੋਂ ਬੌਂਬੇ ਬੈਂਕੁਇਟ ਹਾਲ ਸਰੀ ਵਿਚ ਕਰਵਾਇਆ ਗਿਆ ਸਾਲਾਨਾ ਮਿਲਣੀ ਸਮਾਰੋਹ ਬੇਹੱਦ ਸਫ਼ਲ ਰਿਹਾ। ਇਸ ਵਾਰ ਇਹ ਸਮਾਗਮ ਕਾਲਜ ਦੇ ਸ਼ਤਾਬਦੀ ਵਰ੍ਹੇ ਨੂੰ ਸਮੱਰਪਿਤ ਕੀਤਾ ਗਿਆ। ਸਮਾਗਮ ਦੇ ਅਰੰਭ ਵਿਚ ਮੋਹਨ ਗਿੱਲ ਡੇਹਲੋਂ ਨੇ ਸਮਾਗਮ ਵਿਚ ਸ਼ਾਮਲ ਹਰ ਵਿਅਕਤੀ ਨੂੰ ਆਪਣੀ ਜਾਣ ਪਛਾਣ ਦੱਸਣ ਦਾ ਮੌਕਾ ਦਿੱਤਾ।
ਸਮਾਗਮ ਦੌਰਾਨ ਟੋਰਾਂਟੋ ਤੋਂ ਆਏ ਕਾਲਜ ਦੇ ਸਾਬਕਾ ਵਿਦਿਆਰਥੀ ਬਲਜੀਤ ਸਿੰਘ ਸਿਕੰਦ ਅਤੇ ਵੈਨਸਿਟੀ ਦੇ ਡਿਪਟੀ ਡਾਇਰੈਕਟਰ ਰਣਜੋਧ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਕੁਲਦੀਪ ਗਿੱਲ ਅਤੇ ਪ੍ਰੋ. ਹਰਿੰਦਰ ਕੌਰ ਸੋਹੀ ਨੇ ਸਨਮਾਨਿਤ ਦੋਹਾਂ ਸ਼ਖ਼ਸੀਅਤਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਸੰਖੇਪ ਵਰਨਣ ਕੀਤਾ।
ਇਸ ਕਾਲਜ ਵਿਚ 24 ਸਾਲ ਅਧਿਆਪਨ ਸੇਵਾਵਾਂ ਦੇਣ ਵਾਲੇ ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ ਨੇ ਕਾਲਜ ਦੇ ਪ੍ਰਬੰਧ, ਵਰਤਮਾਨ ਸਥਿਤੀ ਅਤੇ ਵੱਖ ਵੱਖ ਖੇਤਰਾਂ ਵਿਚ ਇਸ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਨਾਮਵਰ ਰੇਡੀਓ ਹੋਸਟ ਹਰਜਿੰਦਰ ਥਿੰਦ ਨੇ ਕਿਹਾ ਕਿ ਇਸ ਕਾਲਜ ਦਾਖਲਾ ਲੈਣਾ ਹੀ ਵਿਦਿਆਰਥੀਆਂ ਲਈ ਵੱਡੇ ਫਖ਼ਰ ਦੀ ਗੱਲ ਸੀ। ਪ੍ਰਸਿੱਧ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਨੇ ਪੰਜਾਬ ਤੋਂ ਮੋਹ ਭਰੀਆਂ ਦੁਆਵਾਂ ਭੇਜੀਆਂ। ਹਰਿੰਦਰ ਕੌਰ ਸੋਹੀ ਅਤੇ ਡਾ. ਗੁਰਮਿੰਦਰ ਸਿੱਧੂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਦਰਸ਼ਨ ਸੰਘਾ ਬੋਲੀਆਂ ਰਾਹੀਂ ਵਿਅੰਗ ਕਸੇ। ਗੁਰਦੀਪ ਭੁੱਲਰ ਆਰਟ ਅਕੈਡਮੀ ਵੱਲੋਂ "ਪੇਕੇ ਜਾਣ ਵਾਲੀਏ" ਕੋਰੀਓਗ੍ਰਾਫੀ ਪੇਸ਼ ਕੀਤੀ ਗਈ।
ਹਰਮਨ ਅਤੇ ਪੰਜਾਬ ਤੋਂ ਆਏ ਨੌਜਵਾਨ ਗਾਇਕ ਦੀਪਾ ਜ਼ੈਲਦਾਰ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆਂ। ਗਿੱਧੇ ਦੀ ਸਾਬਕਾ ਕੈਪਟਨ ਸ਼ਰਮਿੰਦਰ ਢਿੱਲੋਂ ਨੇ ਦੋ ਗੀਤਾਂ ਉਪਰ ਸ਼ਾਨਦਾਰ ਡਾਂਸ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਅੰਗਰੇਜ਼ ਬਰਾੜ, ਹਰਮਨ, ਦੀਪਾ ਜ਼ੈਲਦਾਰ, ਦਰਸ਼ਨ ਸੰਘਾ, ਬਲਜੀਤ ਔਲਖ ਨੇ ਮਲਵਈ ਗਿੱਧੇ ਵਿਚ ਬੋਲੀਆਂ ਅਤੇ ਟੱਪਿਆਂ ਰਾਹੀਂ ਸਮੁੱਚੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਸ਼ਰਮਿੰਦਰ ਢਿੱਲੋਂ ਦੀ ਅਗਵਾਈ ਵਾਲੀ ਗਿੱਧਾ ਟੀਮ ਦੀਆਂ ਧਮਾਲਾਂ ਨਾਲ ਪ੍ਰੋਗਰਾਮ ਸਿਖਰ 'ਤੇ ਪੁੱਜਿਆ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਸਿੰਘ, ਡਾ. ਜਗਜੀਤ ਸਿੰਘ ਗਰੇਵਾਲ, ਸ਼ਰਨਜੀਤ ਢਿੱਲੋਂ, ਬਲਦੇਵ ਸਿੰਘ ਬਾਠ (ਬਸੰਤ ਮੋਟਰਜ਼), ਪਾਲ ਬਰਾੜ, ਦਰਸ਼ਨ ਸਿੰਘ ਸਾਹਸੀ, ਅੰਤਰ ਪੰਮਾ, ਬਲਦੇਵ ਸਿੰਘ ਦੂਹੜਾ, ਹਰਦਮ ਸਿੰਘ ਮਾਨ, ਬਲਵੀਰ ਸਿੰਘ ਬਰਾੜ, ਸੁਖਵਿੰਦਰ ਸਿੰਘ ਚੋਹਲਾ, ਦਿਲਬਰ ਕੰਗ, ਜਸਬੀਰ ਸਿੰਘ ਰੋਮਾਣਾ ਸ਼ਾਮਲ ਸਨ। ਸਮਾਗਮ ਦੀ ਸਫਲਤਾ ਲਈ ਰਣਧੀਰ ਢਿੱਲੋਂ ਦੇਵਤਵਾਲ, ਕੁਲਦੀਪ ਗਿੱਲ, ਜੋਰਾ ਸਿੰਘ ਝੱਜ, ਡਾ. ਪ੍ਰਿਥੀਪਾਲ ਸਿੰਘ ਸੋਹੀ, ਮੋਹਨ ਗਿੱਲ ਡੇਹਲੋਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਰਣਧੀਰ ਢਿੱਲੋਂ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਇਸੇ ਤਰਾਂ ਸਹਿਯੋਗ ਦੇਣ ਦੀ ਉਮੀਦ ਕੀਤੀ।