ਹਰਦਮ ਮਾਨ
ਸਰੀ 7 ਅਪ੍ਰੈਲ 2020 - ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਸ਼ੁਰੂ ਕੀਤੇ ਗਏ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀ.ਈ.ਆਰ.ਬੀ) ਤਹਿਤ ਕੱਲ੍ਹ ਪਹਿਲੇ ਦਿਨ ਆਨ-ਲਾਈਨ ਅਤੇ ਟੈਲੀਫੋਨ ਰਾਹੀਂ ਅਰਜ਼ੀਆਂ ਲੈਣ ਦਾ ਆਗਾਜ਼ ਕੀਤਾ ਗਿਆ। ਕੈਨੇਡਾ ਰੈਵੀਨਿਊ ਏਜੰਸੀ (ਸੀਆਰਏ) ਅਨੁਸਾਰ ਐਮਰਜੈਂਸੀ ਰਾਹਤ ਲੈਣ ਲਈ ਪਹਿਲੇ ਦਿਨ 788,510 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਲਗਭਗ 572,500 ਅਰਜ਼ੀਆਂ ਆਨ-ਲਾਈਨ ਅਤੇ ਤਕਰੀਬਨ 215,800 ਅਰਜ਼ੀਆਂ ਫੋਨ ਰਾਹੀਂ ਸੀਆਰਏ ਨੂੰ ਪ੍ਰਾਪਤ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਸੀ.ਈ.ਆਰ.ਬੀ ਤਹਿਤ ਉਹ ਕੈਨੇਡੀਅਨ ਹੀ ਇਹ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹਨ ਜੋ ਆਪਣੀ ਨੌਕਰੀ ਗੁਆ ਚੁੱਕੇ ਹਨ, ਬਿਮਾਰ ਹਨ, ਕੋਰਨਟੀਨ ਵਿੱਚ ਹਨ, ਜਾਂ ਕੋਵਿਡ-19 ਨਾਲ ਬਿਮਾਰ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹਨ। ਇਹ ਸਹਾਇਤਾ ਉਨ੍ਹਾਂ ਮਾਪਿਆਂ ਨੂੰ ਵੀ ਮਿਲੇਗੀ ਜੋ ਡੇਅ ਕੇਅਰ/ਸਕੂਲ ਬੰਦ ਹੋਣ ਕਾਰਨ ਘਰ ਬੈਠੇ ਬੱਚਿਆਂ ਦੀ ਦੇਖਭਾਲ ਕਰਨ ਲਈ ਬਿਨਾਂ ਤਨਖਾਹ ਤੋਂ ਘਰ ਰਹਿਣ ਲਈ ਮਜਬੂਰ ਹਨ। ਇਸ ਪ੍ਰੋਗਰਾਮ ਅਧੀਨ 16 ਹਫਤਿਆਂ ਲਈ 2000 ਡਾਲਰ (4 ਹਫਤਿਆਂ ਲਈ) ਦਿੱਤੇ ਜਾਣਗੇ।
ਅਰਜ਼ੀਆਂ ਲੈਣ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣ ਲਈ ਹਰੇਕ ਵਿਅਕਤੀ ਨੂੰ ਆਪਣੇ ਜਨਮ ਦਿਨ ਅਨੁਸਾਰ ਅਰਜ਼ੀ ਦੇਣੀ ਪਵੇਗੀ, ਜਿਸ ਤਹਿਤ ਜਨਵਰੀ, ਫਰਵਰੀ ਅਤੇ ਮਾਰਚ ਵਿਚ ਜਨਮ ਦਿਨ ਵਾਲੇ ਵਿਅਕਤੀਆਂ ਨੇ 6 ਅਪ੍ਰੈਲ ਨੂੰ ਅਰਜ਼ੀਆਂ ਦਿੱਤੀਆਂ ਹਨ, ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਵਿਚ ਜਨਮ ਦਿਨ ਵਾਲੇ ਅੱਜ 7 ਅਪ੍ਰੈਲ ਨੂੰ ਅਰਜ਼ੀਆਂ ਦੇ ਸਕਣਗੇ, ਜੁਲਾਈ, ਅਗਸਤ ਅਤੇ ਸਤੰਬਰ ਵਾਲੇ 8 ਅਪ੍ਰੈਲ ਨੂੰ ਅਤੇ ਅਕਤੂਬਰ, ਨਵੰਬਰ ਤੇ ਦਸੰਬਰ ਵਾਲੇ 9 ਅਪ੍ਰੈਲ ਨੂੰ ਆਪਣੀਆਂ ਅਰਜ਼ੀਆਂ ਦੇ ਸਕਣਗੇ। ਸ਼ੁੱਕਰਵਾਰ, ਸਨਿੱਚਰਵਾਰ ਅਤੇ ਐਤਵਾਰ ਨੂੰ ਕੋਈ ਵੀ ਇਹ ਅਰਜ਼ੀ ਦੇ ਸਕੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com