- ਸੂਚਨਾ ਕੇਂਦਰ ਵਿਖੇ ਭਾਈ ਗਰੇਵਾਲ, ਭਾਈ ਰਾਮ ਸਿੰਘ ਤੇ ਹੋਰਾਂ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 01 ਜਨਵਰੀ 2020 - ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਚੌਥੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਣ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧੁਰਾ ਹੈ ਅਤੇ ਦੇਸ਼ ਦੁਨੀਆਂ ਅੰਦਰ ਵੱਸਦਾ ਹਰ ਸਿੱਖ ਇਸ ਨਾਲ ਜੁੜਿਆ ਹੋਇਆ ਹੈ। ਇਥੇ ਨਤਮਸਤਕ ਹੋ ਕੇ ਹਰ ਇਕ ਨੂੰ ਮਾਨਸਿਕ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਦੀ ਜ਼ੁੰਮੇਵਾਰੀ ਮਿਲਣਾ ਪੰਜਾਬੀਆਂ ਦੇ ਪਿਆਰ ਅਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਹੈ। ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨੇਡਾ ’ਚ ਵੱਸਦਾ ਹਰ ਪੰਜਾਬੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਚਾਹੁੰਦਾ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਸਿੱਖ ਧਰਮ ਦੇ ਸ਼ਾਨਾਮੱਤੇ ਵਿਰਸੇ ਸਦਕਾ ਸਿੱਖਾਂ ਨੇ ਵਿਸ਼ਵ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਅੰਦਰ ਅੱਜ ਵੱਡੀ ਗਿਣਤੀ ਵਿਚ ਪੰਜਾਬੀ ਮੈਂਬਰ ਪਾਰਲੀਮੈਂਟ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਸਿੱਖਾਂ ਦੀ ਪ੍ਰਸ਼ੰਸਾ ਲਈ ਕੈਨੇਡਾ ਪਾਰਲੀਮੈਂਟ ਅੰਦਰ ਕਈ ਮਤੇ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਕੈਨੇਡਾ ਤੋਂ ਪੁੱਜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।
ਇਸੇ ਦੌਰਾਨ ਸੁੱਖ ਧਾਲੀਵਾਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਈ ਰਾਮ ਸਿੰਘ ਅਤੇ ਸਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਅੰਦਰ ਕੀਤੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਭਾਈ ਗਰੇਵਾਲ ਨੇ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਅੰਦਰ ਪਹਿਲੀ ਵਾਰ 1984 ਦੇ ਸਿੱਖ ਨਸਲਕੁਸ਼ੀ ਸਬੰਧੀ ਪੇਸ਼ ਕੀਤੇ ਗਏ ਮਤੇ ਨੂੰ ਵੀ ਉਨ੍ਹਾਂ ਦਾ ਇਤਿਹਾਸਕ ਕਦਮ ਕਰਾਰ ਦਿੱਤਾ। ਦੱਸਣਯੋਗ ਹੈ ਕਿ ਸੁੱਖ ਧਾਲੀਵਾਲ ਪੰਜਾਬ ਦੇ ਜਗਰਾਉਂ ਨਾਲ ਸਬੰਧਤ ਹਨ ਅਤੇ ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਹਨ।
ਇਸ ਮੌਕੇ ਸ. ਕਿਰਪਾਲ ਸਿੰਘ ਮਾਂਗਟ, ਸ. ਸੁਰਿੰਦਰਪਾਲ ਸਿੰਘ ਸੀ.ਆਰ., ਸ. ਜਗਦੀਪ ਸਿੰਘ ਸੇਖੋਂ, ਸ. ਅਮਨਦੀਪ ਸਿੰਘ ਔਲਖ, ਸ. ਮਨਜੀਤ ਸਿੰਘ ਸੰਧੂ, ਸ. ਅਜਮੇਰ ਸਿੰਘ, ਸ. ਯੁਗਰਾਜ ਸਿੰਘ ਗਰਚਾ, ਸ. ਤੇਜਿੰਦਰ ਸਿੰਘ ਮੌੜ, ਸ. ਗੁਰਪ੍ਰੀਤ ਸਿੰਘ, ਸ. ਜਤਿੰਦਰਪਾਲ ਸਿੰਘ ਸੂਚਨਾ ਅਧਿਕਾਰੀ ਸਮੇਤ ਹੋਰ ਹਾਜ਼ਰ ਸਨ।