ਕੈਨੇਡਾ : ਕੋਰੋਨਾ ਵਾਇਰਸ ਨਾਲ 435 ਮੌਤਾਂ, ਮਰੀਜ਼ਾਂ ਦੀ ਗਿਣਤੀ 19,289 ਹੋਈ
ਹਰਦਮ ਮਾਨ
ਸਰੀ,9 ਅਪ੍ਰੈਲ 2020- ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1541 ਨਵੇਂ ਕੇਸਾਂ ਅਤੇ 46 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਦੇਸ਼ ਭਰ ਵਿਚ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 19,289 ਅਤੇ ਮੌਤਾਂ ਦੀ ਗਿਣਤੀ 435 ਤੱਕ ਪਹੁੰਚ ਗਈ ਹੈ, ਜਦੋਂ ਕਿ 4548 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਸਭ ਤੋਂ ਵੱਧ ਕੇਸ ਕਿਊਬਿਕ ਸੂਬੇ ਵਿਚ ਹਨ ਜਿੱਥੇ ਇਹ ਗਿਣਤੀ 10,031 ਹੋ ਗਈ ਹੈ ਅਤੇ 175 ਜਣੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਦੂਜੇ ਨੰਬਰ ਤੇ ਓਨਟਾਰੀਓ ਵਿਚ 5276 ਲੋਕ ਇਸ ਦੀ ਮਾਰ ਵਿਚ ਆਏ ਹਨ ਅਤੇ 174 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਅਲਬਰਟਾ ਵਿਚ 1,423 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 29 ਮੌਤਾਂ ਹੋਈਆਂ ਹਨ, ਬੀਸੀ ਵਿਚ 1336 ਪ੍ਰਭਾਵਿਤ ਕੇਸਾਂ ਅਤੇ 48 ਮ੍ਰਿਤਕਾਂ ਦੀ ਪੁਸ਼ਟੀ ਕੀਤੀ ਗਈ ਹੈ, ਸਸਕੈਚਵਨ ਵਿਚ 271, ਮੈਨੀਟੋਬਾ ਵਿਚ 221, ਨਿਊ ਫਾਊਂਡਲੈਂਡ ਵਿਚ 232, ਨੋਵਾ ਸਕੋਸ਼ੀਆ ਵਿਚ 342 ਅਤੇ ਨਿਊ ਬਰੰਸਵਿਕ ਵਿਚ 108 ਜਣੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਮਹਾਂਮਾਰੀ ਦੀ ਰੋਕਥਾਮ ਲਈ ਅਸੀਂ ਜੋ ਕਦਮ ਉਠਾਏ ਹਨ, ਉਨ੍ਹਾਂ ਸਦਕਾ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਪਰ ਅਜੇ ਵੀ ਸਾਰੇ ਕੈਨੇਡੀਅਨਾਂ ਨੂੰ ਸਖਤੀ ਨਾਲ ਪਬਲਿਕ ਹੈਲਥ ਅਥਾਰਟੀ ਦੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਅਜਿਹਾ ਕਰਕੇ ਹੀ ਅਸੀਂ ਤੇਜ਼ੀ ਨਾਲ ਇਸ ਨੂੰ ਰੋਕਣ ਵਿਚ ਸਫਲ ਹੋ ਸਕਾਂਗੇ।
ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੇ 45 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 1336 ਹੋ ਗਈ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵੀਡ -19 ਨਾਲ ਪੰਜ ਹੋਰ ਜਣਿਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 48 ਹੋ ਗਈ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਹੁਣ 135 ਪੀੜਤ ਲੋਕ ਹਸਪਤਾਲਾਂ ਵਿਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 61 ਮਰੀਜ਼ਾਂ ਦੀ ਆਈਸੀਯੂ ਵਿਚ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਸੀ ਵਿਚ ਟੈਸਟ ਕਰਨ ਦੀ ਸਮਰੱਥਾ ਵਧਾਏ ਜਾਣ ਦੇ ਬਾਵਜੂਦ ਪੌਜ਼ੇਟਿਵ ਰੇਟ ਵਿਚ ਕਮੀ ਆਈ ਹੈ ਜੋ ਇੰਕ ਚੰਗਾ ਸੰਕੇਤ ਹੈ। ਡਾ. ਹੈਨਰੀ ਨੇ ਇਹ ਵੀ ਕਿਹਾ ਕਿ ਟੈਸਟ ਕਰਨ ਦੇ ਪ੍ਰਬੰਧ ਵਿਚ ਛੇਤੀ ਹੀ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਬੀਸੀ ਵਾਸੀਆਂ ਨੂੰ ਅਪੀਲ ਕੀਤੀ ਕਿ ਆ ਰਹੇ ਲੌਂਗ ਵੀਕ-ਵਿੰਡ ਵਿਚ ਬੇਲੋੜਾ ਘਰੋਂ ਬਾਹਰ ਨਾ ਨਿਕਲਿਆ ਜਾਵੇ।