ਕੋਟਕਪੂਰਾ ‘ਚ ਸਕਿੱਲ ਸੈਂਟਰ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਉਣਾ ਮੇਰਾ ਪਹਿਲਾ ਟੀਚਾ - ਕਰਮਜੀਤ ਅਨਮੋਲ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅਨਮੋਲ ਨੇ ਕੋਟਕਪੂਰਾ ਦੇ ਪਿੰਡਾਂ ‘ਚ ਕੀਤਾ ਚੋਣ ਪ੍ਰਚਾਰ
- ਪਹਿਲੇ ਹਾਕਮਾਂ ਨੇ ਲੋਕਾਂ ਦੀ ਥਾਂ ਆਪਦੇ ਟੱਬਰਾਂ ਦੇ ਹਿੱਤ ਸੰਵਾਰੇ- ਕੁਲਤਾਰ ਸਿੰਘ ਸੰਧਵਾਂ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ 4 ਮਈ 2024 - ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਅਤੇ ਆਰਥਿਕ ਤਰੱਕੀ ਖਾਤਰ ਕੋਟਕਪੂਰਾ ਇਲਾਕੇ ‘ਚ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਅਤੇ ਖੇਤੀ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕਰਨਾ ਮੁੱਖ ਮੰਤਵ ਰਹੇਗਾ।
ਸ਼ਨੀਵਾਰ ਨੂੰ ਆਪ ਉਮੀਦਵਾਰ ਅਤੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕੋਟਕਪੂਰਾ ਦੇ ਚਹਿਲ, ਭਾਣਾ, ਢੁਡੀ, ਕਲੇਰ, ਮਿਸਰੀਵਾਲਾ, ਘੁਮਿਆਰਾ, ਮੋਰਾਂਵਾਲੀ, ਪੱਕਾ ਅਤੇ ਟਹਿਣਾ ਪਿੰਡਾਂ ‘ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
ਕਰਮਜੀਤ ਅਨਮੋਲ ਨੇ ਕਿਹਾ ਕਿ ਬੇਸ਼ੱਕ ਭਗਵੰਤ ਮਾਨ ਸਰਕਾਰ ਨੇ ਬੇਰੁਜ਼ਗਾਰੀ ਵਿਰੁੱਧ ਪਹਿਲੇ ਦਿਨ ਤੋਂ ਹੀ ਬਿਗਲ ਵਜਾ ਦਿੱਤਾ ਸੀ ਅਤੇ ਹੁਣ ਤੱਕ 43,000 ਤੋਂ ਵੱਧ ਸਰਕਾਰੀ ਨੌਕਰੀਆਂ ਕਾਬਲੀਅਤ ਦੇ ਅਧਾਰ ਤੇ ਬਿਨਾਂ ਪੱਖਪਾਤ ਜਾਂ ਸਿਫ਼ਾਰਿਸ਼ ਦੇ ਚੁੱਕੀ ਹੈ। ਪ੍ਰੰਤੂ ਸਿਰਫ਼ ਸਰਕਾਰੀ ਨੌਕਰੀਆਂ ਨਾਲ ਬੇਰੁਜ਼ਗਾਰੀ ਦਾ ਖ਼ਾਤਮਾ ਸੰਭਵ ਨਹੀਂ। ਇਸ ਲਈ ਮੇਰਾ ਨਿਸ਼ਾਨਾ ਪੂਰੇ ਫ਼ਰੀਦਕੋਟ ਹਲਕੇ ਦੀ ਹਰ ਵਿਧਾਨ ਸਭਾ ‘ਚ ਅੰਤਰਰਾਸ਼ਟਰੀ ਪੱਧਰ ਦਾ ਨਵਾਂ ਸਕਿੱਲ ਸੈਂਟਰ ਖੋਲ੍ਹਣਾ ਅਤੇ ਮੌਜੂਦਾ ਆਈਟੀਆਈਜ/ਤਕਨੀਕੀ ਸਿੱਖਿਆ ਕਾਲਜਾਂ ਦਾ ਮਿਆਰ ਵਿਸ਼ਵਵਿਆਪੀ ਬਣਾਉਣਾ ਹੈ ਤਾਂ ਕਿ ਹਰ ਪਿੰਡ ਦੇ ਹਰ ਨੌਜਵਾਨ ਕੋਲ ਕੋਈ ਨਾ ਕੋਈ ਅਜਿਹਾ ਹੱਥ ਦਾ ਹੁਨਰ ਜਰੂਰ ਹੋਵੇ, ਜਿਸਦੇ ਦਮ ਤੇ ਉਹ ਨਾ ਸਿਰਫ਼ ਰੁਜ਼ਗਾਰ ਉੱਤੇ ਲੱਗੇ ਸਗੋਂ ਹੋਰਾਂ ਨੂੰ ਵੀ ਰੁਜ਼ਗਾਰ ਦੇਣ ਦੀ ਹੈਸੀਅਤ ਰੱਖੇ।
ਕਰਮਜੀਤ ਅਨਮੋਲ ਨੇ ਕਿਹਾ ਕਿ ਖੇਤੀਬਾੜੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਪਿੰਡ-ਪਿੰਡ ‘ਚ ਖੇਤੀ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਹੋਣਾ ਸਮੇਂ ਦੀ ਮੁੱਖ ਲੋੜ ਹੈ। ਮੇਰਾ ਨਿਸ਼ਾਨਾ ਫ਼ਰੀਦਕੋਟ ਹਲਕੇ ਵਿੱਚ ਵੱਧ ਤੋਂ ਵੱਧ ਛੋਟੇ ਵੱਡੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨਾ ਹੈ। ਇਸ ਲਈ ਜਿੱਥੇ ਪੰਜਾਬ ਦੇ ਉੱਦਮੀਆਂ ਨੂੰ ਮੂਹਰੇ ਲਾਇਆ ਜਾਵੇਗਾ। ਉੱਥੇ ਵਿਦੇਸ਼ਾਂ ‘ਚ ਸਫਲ ਹੋਏ ਪੰਜਾਬੀਆਂ ਦਾ ਸਾਥ ਸਹਿਯੋਗ ਵੀ ਲਿਆ ਜਾਵੇਗਾ, ਕਿਉਂਕਿ ਖੇਤੀਬਾੜੀ ਸੂਬਾ ਹੋਣ ਦੇ ਨਾਤੇ ਖੇਤੀ ਅਧਾਰਿਤ ਉਦਯੋਗ ਹੀ ਪੰਜਾਬ ਨੂੰ ਆਰਥਿਕ ਤਰੱਕੀ ਅਤੇ ਖ਼ੁਸ਼ਹਾਲੀ ਦੇ ਸਕਦਾ ਹੈ।
ਇਸ ਮੌਕੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਪਹਿਲਾਂ ਰਾਜ ਕਰ ਰਹੇ ਹਾਕਮਾਂ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਥਾਂ ਆਪਣੇ ਅਤੇ ਆਪਣੇ ਟੱਬਰਾਂ ਦਾ ਹੀ ਸੋਚਿਆ ਅਤੇ ਪੰਜਾਬ ਨੂੰ ਰੱਜ ਕੇ ਲੁੱਟਿਆ। ਉਨ੍ਹਾਂ ਕਿਹਾ ਕਿ ਮੁੱਦਤ ਬਾਅਦ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਕਾਲੀ ਭਾਜਪਾ ਅਤੇ ਕਾਂਗਰਸੀਆਂ ਵੱਲੋਂ ਪਾਈਆਂ ਲੋਕ ਮਾਰੂ ਗੰਡਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਹੈ। ਜਿਸ ਦਾ ਅਸਰ ਸਾਫ਼ ਨਜ਼ਰ ਆਉਣ ਲੱਗਾ ਹੈ, ਹਰੇਕ ਵਰਗ ਨੂੰ ਮੁਫ਼ਤ ਬਿਜਲੀ, ਟੇਲਾਂ ਉੱਤੇ ਨਹਿਰੀ ਪਾਣੀ, ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਦਵਾਈਆਂ, ਸਕੂਲੀ ਸਿੱਖਿਆ ‘ਚ ਕ੍ਰਾਂਤੀਕਾਰੀ ਸੁਧਾਰ, ਲੋੜਵੰਦਾਂ ਨੂੰ ਘਰੋ-ਘਰੀਂ ਰਾਸ਼ਨ, ਨਹਿਰੀ ਪਾਣੀ ਦੀਆਂ ਪਾਈਪਾਂ ਆਦਿ ਲੰਬੀ ਸੂਚੀ ਹੈ। ਜਿਸ ਨੇ ਆਮ ਅਤੇ ਗ਼ਰੀਬ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਸੰਧਵਾਂ ਨੇ ਕਿਹਾ ਕਿ ਇਹ ਦੋ ਸਾਲਾਂ ਦੀ ਕਾਰਜ ਗੁਜ਼ਾਰੀ ਹੈ, ਜਦੋਂ ਕਿ 100 ਫੀਸਦੀ ਵਾਅਦੇ ਗਰੰਟੀਆਂ ਪੂਰੀਆਂ ਕਰਨ ਲਈ ਅਜੇ ਤਿੰਨ ਸਾਲ ਪਏ ਹਨ। ਇਸ ਲਈ ਇੱਕ-ਇੱਕ ਗਰੰਟੀ ਪੂਰੀ ਕਰਕੇ 2027 ਵਿੱਚ ਲੋਕਾਂ ਦੀ ਕਚਹਿਰੀ ‘ਚ ਵੋਟਾਂ ਲਈ ਆਵਾਂਗੇ ਅਤੇ ਛਾਤੀ ਠੋਕ ਕੇ ਕਹਾਂਗੇ ਕਿ ਜੇ ਵਾਅਦਿਆਂ ਮੁਤਾਬਿਕ ਕੰਮ ਕੀਤੇ ਹਨ ਤਾਂ ਹੀ ਵੋਟ ਪਾਇਓ। ਜਿਵੇਂ 2020 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਅਰਵਿੰਦ ਕੇਜਰੀਵਾਲ ਕਹਿੰਦੇ ਸਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਸੁਖਦੀਪ ਸਿੰਘ ਢਿਲਵਾਂ, ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ, ਚੇਅਰਮੈਨ ਗੁਰਮੀਤ ਸਿੰਘ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਧਾਲੀਵਾਲ, ਗਰਮੀਤ ਸਿੰਘ ਆਰੇ ਵਾਲੇ, ਬਲਾਕ ਪ੍ਰਧਾਨ ਗੁਰਦੀਪ ਸ਼ਰਮਾ, ਗੁਰਮੀਤ ਸਿੰਘ ਧੂਰਕੋਟ, ਭੋਲਾ ਸਿੰਘ ਟਹਿਣਾ, ਡਾਕਟਰ ਰਾਜਪਾਲ ਸਿੰਘ, ਹਰਵਿੰਦਰ ਸਿੰਘ ਨੱਥੇਵਾਲਾ, ਸੰਦੀਪ ਸਿੰਘ ਕੰਮੇਆਣਾ, ਅਮਰੀਕ ਸਿੰਘ ਡਗੋਰੁਮਾਣਾ, ਬਾਬੂ ਸਿੰਘ ਖਾਲਸਾ, ਮਾਸਟਰ ਕੁਲਦੀਪ ਸਿੰਘ ਮੌੜ ਅਤੇ ਹੋਰ ਆਗੂ ਮੌਜੂਦ ਸਨ।