ਪਰਵਿੰਦਰ ਸਿੰਘ ਕੰਧਾਰੀ
- ਉਪਰੋਕਤ ਲੋਕਾਂ ਨੂੰ 14 ਦਿਨ ਘਰਾਂ ਵਿੱਚ ਇਕਾਂਤਵਾਸ ਰਹਿਣ ਦੀ ਹਦਾਇਤ
- ਘਰ ਜਾ ਰਹੇ ਲੋਕਾਂ ਵੱਲੋਂ ਵਧੀਆ ਪ੍ਰਬੰਧਾਂ ਲਈ ਜਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ
ਜੈਤੋ/ਫਰੀਦਕੋਟ,12 ਮਈ 2020 - ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ /ਲਾਕਡਾਊਨ ਕਾਰਨ ਰਾਜਸਥਾਨ ਤੇ ਹੋਰ ਸੂਬਿਆਂ ਦੇ ਵੱਖ ਵੱਖ ਥਾਵਾਂ ਤੇ ਫਸੇ ਲੋਕਾਂ/ਮਜਦੂਰਾਂ ਨੂੰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲਾ ਪ੍ਰਸਾਸਨ ਵੱਲੋਂ ਵਿਸ਼ੇਸ਼ ਬੱਸਾਂ ਭੇਜ ਕੇ ਜੋ ਕਿ ਫਰੀਦਕੋਟ ਜਿਲੇ ਨਾਲ ਸਬੰਧਿਤ ਸਨ ਵਾਪਸ ਫਰੀਦਕੋਟ ਲਿਆਂਦਾ ਗਿਆ ਅਤੇ ਇਨਾਂ ਨੂੰ ਇਤਿਹਾਤ ਵਜੋਂ ਇਕਾਂਤਵਾਸ ਕੇਂਦਰ ਬਰਗਾੜੀ ਵਿੱਚ ਰੱਖਿਆ ਗਿਆ ਸੀ।
ਐਸਡੀਐਮ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਕਿ ਬਰਗਾੜੀ ਦੇ ਦਸ਼ਮੇਸ਼ ਪਬਲਿਕ ਸਕੂਲ ਅਤੇ ਦਸ਼ਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਇਨਾਂ ਮਜਦੂਰਾਂ ਦੀ ਸੁੱਖ ਸਹੂਲਤ, ਰਿਹਾਇਸ਼ , ਖਾਣੇ ਆਦਿ ਲਈ ਵਿਸੇਸ ਪ੍ਰਬੰਧ ਕੀਤੇ ਗਏ ਸਨ ਅਤੇ ਸਿਹਤ ਵਿਭਾਗ ਵੱਲੋਂ ਇਨਾਂ ਦੀ ਸਿਹਤ ਜਾਂਚ ਮਗਰੋਂ ਇਨਾਂ ਦੇ ਸੈਂਪਲ ਲਏ ਗਏ ਅਤੇ ਕਰੋਨਾ ਜਾਂਚ ਲਈ ਇਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਲੈਬ ਵਿਖੇ ਭੇਜਿਆ ਗਿਆ ।ਉਨਾਂ ਦੱਸਿਆ ਕਿ ਕੱਲ ਸ਼ਾਮ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋ ਗਈ ਹੈ ਤੇ ਦਸ਼ਮੇਸ਼ ਪਬਲਿਕ ਸਕੂਲ ਦੇ ਕੁੱਲ 45 ਲੋਕਾਂ ਦੇ ਅਤੇ ਦਸ਼ਮੇਸ਼ ਗਲੋਬਲ ਸਕੂਲ ਦੇ ਕੁੱਲ 53 ਮਜ਼ਦੂਰਾਂ ਕੁੱਲ 98 ਦੇ ਕਰੋਨਾ ਸੈਂਪਲ ਨੈਗੇਟਿਵ ਆਏ ਹਨ।
ਉਨਾਂ ਕਿਹਾ ਕਿ ਇਨਾਂ ਲੋਕਾਂ ਦੀ ਅੱਜ ਸਿਹਤ ਜਾਂਚ ਤੋਂ ਬਾਅਦ ਇਨਾਂ ਨੂੰ ਆਪਣੇ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ।ਉਨਾਂ ਇਹ ਵੀ ਦੱਸਿਆ ਕਿ ਸਾਰੇ ਮਜ਼ਦੂਰ ਸਿਹਤ ਵਿਭਾਗ ਦੇ ਨਿਰਦੇਸਾਂ ਅਤੇ ਗਾਈਡ ਲਾਈਨ ਅਨੁਸਾਰ 14 ਦਿਨ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣਗੇ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ ਤੇ ਇਨਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ।
ਇਸ ਮੌਕੇ ਇਕਾਂਤਵਾਸ ਕੇਂਦਰ ਤੋਂ ਵਾਪਸ ਘਰ ਨੂੰ ਜਾ ਰਹੇ ਮਜ਼ਦੂਰਾਂ ਨੇ ਵਧੀਆ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 14 ਦਿਨ ਘਰਾਂ ਵਿੱਚ ਇਕਾਂਤਵਾਸ ਰਹਿਣਗੇ।
ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਹੀਰਾਵੰਤੀ , ਹੈੱਡ ਮਾਸਟਰ ਵਿਜੇ ਕੁਮਾਰ, ਆਤਮਾ ਸਿੰਘ ਹਾਜ਼ਰ ਸਨ।