ਰਜਨੀਸ਼ ਸਰੀਨ
- ਕਿਹਾ ਸਰਕਾਰ ਵੱਲੋਂ ਸੁਝਾਈਆਂ ਸਾਵਧਾਨੀਆਂ ਹੀ ਬਚਾਅ ’ਚ ਸਹਾਇਕ
- ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚ ਆਈਸੋਲੇਸ਼ਨ ਦੌਰਾਨ ਮਿਲੀਆਂ ਸਹੂਲਤਾਂ ਲਈ ਧੰਨਵਾਦ
ਨਵਾਂਸ਼ਹਿਰ, 7 ਅਪ੍ਰੈਲ 2020 - ਕੋਰੋਨਾ ਤੋਂ ਸਿਹਤਯਾਬ ਹੋਏ ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਨੇ ਅੱਜ ਇੱਥੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਸਰਕਾਰ ਵੱਲੋਂ ਸੁਝਾਈਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਘਰ ਰਿਹਾ ਜਾਵੇ।
ਉਨ੍ਹਾਂ ਕਿਹਾ ਕਿ ਸੰਸਾਰ ਭਰ ’ਚ ਕੋਰੋਨਾ ਵਾਇਰਸ ਦੇ ਚੱਲ ਰਹੇ ਭਿਆਨਕ ਸੰਕਟ ’ਚ ਭਾਵੇਂ ਉਹ ਖੁਦ ਵੀ ਲਪੇਟ ’ਚ ਆ ਗਏ ਸਨ, ਪਰ 17 ਦਿਨ ਤੋਂ ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਮਿਲੀ ਦੇਖਭਾਲ ਅਤੇ ਸਹੂਲਤ ਨੇ ਸਿਹਤਯਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਠੀਕ ਹੋ ਕੇ ਵਾਪਸ ਜਾਣ ਮੌਕੇ ਸਭ ਨੂੰ ਮੇਰਾ ਇਹੋ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਰਕਾਰ ਨੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਆਪੋ-ਆਪਣੇ ਘਰਾਂ ’ਚ ਰਹਿਣ ਲਈ ਕਿਹਾ ਹੋਇਆ ਹੈ, ਇਸ ਲਈ ਸਾਰੇ ਹੀ ਆਪਣੇ ਘਰਾਂ ’ਚ ਰਹਿ ਕੇ ਬਿਮਾਰੀ ਤੋਂ ਬਚਾਅ ਕਰਨ।
ਉਨ੍ਹਾਂ ਕਿਹਾ ਕਿ ਸਾਨੂੰ ਵੀ ਇੱਥੇ ਰੱਖਣ ਦਾ ਮਕਸਦ ਇਹੋ ਸੀ ਕਿ ਘੱਟ-ਘੱਟ 14 ਦਿਨ ਇੱਕ ਦੂਸਰੇ ਤੋਂ ਦੂਰ ਰੱਖ ਕੇ ਬਿਮਾਰੀ ਦੇ ਪ੍ਰਭਾਵ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਵਿਅਕਤੀ ਪਰਿਵਾਰ ’ਚ ਖੁਸ਼ੀ-ਖੁਸ਼ੀ ਰਹਿ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਕਿ ਭਿਆਨਕ ਬਿਮਾਰੀ ਤੋਂ ਮੁਕਤ ਕਰਨ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਵੈ-ਵਿਸ਼ਵਾਸ਼ ਵੀ ਇਸ ਬਿਮਾਰੀ ਤੋਂ ਮੁਕਤੀ ’ਚ ਸਹਾਈ ਸਿੱਧ ਹੁੰਦਾ ਹੈ।