ਫਿਰੋਜ਼ਪੁਰ, 13 ਮਈ 2020 : ਕੋਰੋਨਾ ਵਰਗੀ ਇਸ ਭਿਆਨਕ ਮਹਾਂਮਾਰੀ ਵਿੱਚ ਜਿੱਥੇ ਸਰਕਾਰਾਂ ਆਪਣੇ ਤਰੀਕੇ ਨਾਲ ਕੰਮ ਕਰ ਰਹੀਆਂ ਹਨ, ਓਥੇ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਮੁਸੀਬਤ ਵਿਚ ਅੱਗੇ ਹੋ ਕੇ ਸੇਵਾ ਵਿੱਚ ਜੁੱਟੀਆਂ ਹੋਈਆਂ ਹਨ। ਇਹਨਾਂ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਬਲਬੂਤੇ 'ਤੇ ਵੱਖਰੇ ਢੰਗ ਨਾਲ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹਨਾਂ ਵਿਚੋਂ ਹੀ ਇੱਕ ਹਨ ਸਾਬਕਾ ਅਧਿਕਾਰੀ ਰਘਬੀਰ ਸਿੰਘ ਖ਼ਾਰਾ।
ਰਘਬੀਰ ਸਿੰਘ ਖਾਰਾ ਨਹਿਰੂ ਯੁਵਾ ਕੇਂਦਰ(ਭਾਰਤ ਸਰਕਾਰ) ਚੋਂ ਬਤੌਰ ਜ਼ਿਲਾ ਯੂਥ ਕੋਆਰਡੀਨੇਟਰ ਵਜੋਂ ਸੇਵਾ ਮੁਕਤ ਹੋਏ ਹਨ। ਜੋ ਕੋਰੋਨਾ ਸੰਕਟ ਵਿਚ ਪਹਿਲੇ ਦਿਨ ਤੋਂ ਹੀ ਸੇਵਾ ਕਰਦੇ ਆ ਰਹੇ ਹਨ। ਸ. ਖਾਰਾ ਰੋਜ਼ਾਨਾ ਆਪਣੇ ਪੁੱਤਰ ਗਗਨਦੀਪ ਖਾਰਾ ਨੂੰ ਨਾਲ ਲੈਕੇ ਬਾਈਕ 'ਤੇ ਸ਼ਹਿਰ 'ਚ ਨਿਕਲਦੇ ਹਨ ਅਤੇ ਸੜਕਾਂ 'ਤੇ ਬੈਠੇ ਮਜ਼ਦੂਰ,ਮੰਗ ਕੇ ਖਾਣ ਵਾਲੇ ਆਦਿ ਲੋਕਾਂ ਨੂੰ ਫਰੂਟ, ਬ੍ਰੈੱਡ, ਦਵਾਈਆਂ, ਹੋਰ ਖਾਣ ਅਤੇ ਜ਼ਰੂਰਤ ਵਾਲੀਆਂ ਵਸਤੂਆਂ ਵੰਡਦੇ ਨਜ਼ਰੀਂ ਆਉਂਦੇ ਹਨ। ਫਿਰ ਉਹ ਦੂਜੇ ਜਾਂ ਤੀਜੇ ਦਿਨ ਲਗਭੱਗ ਹਰੇਕ ਦਫਤਰ/ ਹਸਪਤਾਲ ਵਿੱਚ ਜਾਂਦੇ ਹਨ ਅਤੇ ਮਾਸਕ ਵੰਡ ਕੇ ਆਉਂਦੇ ਹਨ। ਇਹ ਸਿਲਸਲਾ ਲੌਕਡਾਊਨ ਵਾਲੇ ਦਿਨ ਤੋਂ ਹੀ ਚਲਦਾ ਆ ਰਿਹਾ ਹੈ। ਦੱਸ ਦੇਈਏ ਕਿ ਰਘਬੀਰ ਸਿੰਘ ਖਾਰਾ ਮਹਿਕਮੇ ਵਿਚ ਰਹਿਕੇ ਵੀ ਇਮਾਨਦਾਰੀ ਨਾਲ ਨੌਜਵਾਨਾਂ ਨੂੰ ਨਾਲ ਲੈਕੇ ਹਰ ਮੁਹਿੰਮ ਵਿਚ ਹਿੱਸਾ ਲੈਂਦੇ ਰਹੇ ਹਨ। ਅੱਜ ਉਹਨਾਂ ਦੇ ਕਈ ਸ਼ਾਗਿਰਦ ਨਾਮਣਾ ਖੱਟ ਰਹੇ ਹਨ।
ਇਸ ਕਾਰਜ ਪਿੱਛੇ ਭਾਵਨਾ ਬਾਰੇ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤਾਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਹਰ ਤਰ੍ਹਾਂ ਦੇ ਦਾਨੀ ਦੀ ਲੋੜ ਹੈ, ਅਗਰ ਤੁਹਾਡੀ ਹੈਸੀਅਤ ਹੈ ਤਾਂ ਜ਼ਰੂਰ ਅੱਗੇ ਅਉਣਾ ਚਾਹੀਦਾ ਹੈ। ਤੁਹਾਡਾ ਦਿੱਤਾ ਨਿੱਕਾ ਜਿਹਾ ਸਹਿਯੋਗ ਕਿਸੇ ਲਈ ਵੱਡੀ ਉਮੀਦ ਬਣ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਭਾਵਨਾ ਪਿੱਛੇ ਕੋਈ ਨਿਜੀ ਮਕਸਦ ਨਹੀਂ ਸਿਰਫ ਲੋੜਵੰਦਾਂ ਦੀ ਸਰਦੀ ਪੁੱਜਦੀ ਇਮਦਾਦ ਕਰਕੇ ਮਨ ਦੀ ਸ਼ਾਂਤੀ ਹਾਸਲ ਕਰਨਾ ਹੀ ਹੈ।
ਇਸ ਸਾਬਕਾ ਅਧਿਕਾਰੀ ਵੱਲੋ ਰੋਜ਼ਾਨਾ ਨਿਭਾਈ ਜਾ ਰਹੀ ਸੇਵਾ ਦੀ ਚੁਫੇਰਿਓਂ ਤਰੀਫ਼ ਹੋ ਰਹੀ ਹੈ। ਆਪਣੇ ਨਿੱਜੀ ਕੰਮਾਂ ਚੋਂ ਵੇਹਲ ਕੱਢ 'ਕੋਰੋਨਾ ਯੋਧਾ' ਵਜੋਂ ਭੂਮਿਕਾ ਨਿਭਾਅ ਰਹੇ ਰਘਬੀਰ ਸਿੰਘ ਖਾਰਾ ਫਿਰੋਜ਼ਪੁਰੀਆਂ ਲਈ ਪ੍ਰੇਰਣਾ ਸ੍ਰੋਤ ਬਣ ਰਹੇ ਹਨ।